ਹੈਦਰਾਬਾਦ, 16 ਨਵੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਸਰਹੱਦ ਪਾਰੋਂ ਫੈਲਾਏ ਜਾ ਰਹੇ ਅਤਿਵਾਦ ਦਾ ਸਾਹਮਣਾ ਕਰ ਰਹੇ ਭਾਰਤ ਨੇ ਸਾਰਿਆਂ ਸਾਹਮਣੇ ਇਹ ਪੱਖ ਊਜਾਗਰ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ ਅਤੇ ਹੌਲੀ-ਹੌਲੀ ਦੁਨੀਆ ਵੀ ਅਤਿਵਾਦ ਦੇ ਸਰੂਪ ਤੋਂ ਜਾਣੂ ਹੋ ਗਈ ਹੈ। ਪਾਕਿਸਤਾਨ ਦਾ ਨਾਮ ਲਏ ਬਿਨਾਂ ਊਨ੍ਹਾਂ ਕਿਹਾ ਕਿ ਭਾਰਤ ਦੇ ਨੇੜਲੇ ਗੁਆਂਢੀਆਂ ’ਚੋਂ ਇਕ ਸਰਹੱਦ ਪਾਰੋਂ ਅਤਿਵਾਦ ਫੈਲਾਊਂਦਾ ਆ ਰਿਹਾ ਹੈ। ਊਨ੍ਹਾਂ ਕਿਹਾ ਕਿ 9/11 ਹਮਲੇ ਤੋਂ ਬਾਅਦ ਅਤਿਵਾਦ ਖ਼ਿਲਾਫ਼ ਸਿਰਫ਼ ਇਕ ਮੁਲਕ ਦੀ ਸਮੱਸਿਆ ਆਖਣ ਦਾ ਯੁੱਗ ਖ਼ਤਮ ਹੋ ਗਿਆ ਹੈ ਪਰ ਅਜੇ ਇਸ ਬਾਰੇ ਪੂਰੇ ਦਿਲ ਨਾਲ ਕੌਮਾਂਤਰੀ ਪੱਧਰ ’ਤੇ ਸਾਂਝੀਆਂ ਕੋਸ਼ਿਸ਼ਾਂ ਕੀਤੇ ਜਾਣ ਦੀ ਲੋੜ ਹੈ। ਇਥੇ ਇੰਡੀਅਨ ਸਕੂਲ ਆਫ਼ ਬਿਜ਼ਨਸ ’ਚ ਹੋਏ ਇਕ ਪ੍ਰੋਗਰਾਮ ਨੂੰ ਆਨਲਾਈਨ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਸਖ਼ਤ ਕੋਸ਼ਿਸ਼ਾਂ ਮਗਰੋਂ ਭਾਰਤ ਨੇ ਅਤਿਵਾਦ ਨੂੰ ਮਾਲੀ ਸਹਾਇਤਾ ਦੇਣ, ਕੱਟੜਤਾ ਅਤੇ ਸਾਈਬਰ ਭਰਤੀ ਆਦਿ ਪੱਖਾਂ ਵੱਲ ਸਾਰਿਆਂ ਦਾ ਧਿਆਨ ਆਕਰਸ਼ਿਤ ਕੀਤਾ। ‘ਅਤਿਵਾਦ ਦੇ ਖਾਤਮੇ ਤੱਕ ਅਸੀਂ ਚੈਨ ਨਾਲ ਨਹੀਂ ਬੈਠਾਂਗੇ।’ ਵੰਦੇ ਭਾਰਤ ਮਿਸ਼ਨ ਬਾਰੇ ਊਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਭਾਰਤ ਨੇ ਵਿਦੇਸ਼ਾਂ ਤੋਂ ਆਪਣੇ 24 ਲੱਖ ਤੋਂ ਜ਼ਿਆਦਾ ਨਾਗਰਿਕਾਂ ਨੂੰ ਮੁਲਕ ਲਿਆਂਦਾ। ਇਸ ਤੋਂ ਇਲਾਵਾ ਇਕ ਲੱਖ ਤੋਂ ਜ਼ਿਆਦਾ ਵਿਦੇਸ਼ੀਆਂ ਨੂੰ ਵੀ ਊਨ੍ਹਾਂ ਦੇ ਮੁਲਕ ਭੇਜਣ ਦਾ ਪ੍ਰਬੰਧ ਕੀਤਾ ਗਿਆ। -ਪੀਟੀਆਈ