ਨਵੀਂ ਦਿੱਲੀ, 5 ਅਕਤੂਬਰ
ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ.ਭਦੌਰੀਆ ਨੇ ਅੱਜ ਕਿਹਾ ਕਿ ਭਾਰਤ ਦੋ ਮੁਹਾਜ਼ਾਂ ’ਤੇ ਜੰਗ ਸਮੇਤ ਕਿਸੇ ਵੀ ਸਥਿਤੀ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ। ਹਵਾਈ ਸੈਨਾ ਦੇ ਮੁਖੀ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਚੀਨ ਨਾਲ ਜਾਰੀ ਸਰਹੱਦੀ ਤਣਾਅ ਦਰਮਿਆਨ ਭਾਰਤ ਕਿਤੇ ਬਿਹਤਰ ਸਥਿਤੀ ਵਿੱਚ ਹੈ। ਉਨ੍ਹਾਂ ਕਿਹਾ, ‘ਅਸੀਂ ਇਹ ਯਕੀਨ ਦਿਵਾਉਂਦੇ ਹਾਂ ਕਿ ਸਾਡੀਆਂ ਫੌਜਾਂ ਕਿਸੇ ਦੀ ਸਥਿਤੀ ਨਾਲ ਨਜਿੱਠਣ ਲਈ ਉਥੇ ਪੂਰੀ ਮਜ਼ਬੂਤੀ ਤੇ ਮੁਸਤੈਦੀ ਨਾਲ ਤਾਇਨਾਤ ਹਨ।’ ਭਦੌਰੀਆ ਨੇ ਕਿਹਾ ਕਿ ਉਨ੍ਹਾਂ ਸਾਰੇ ਸਬੰਧਤ ਖੇਤਰਾਂ ਵਿੱਚ ਤਾਇਨਾਤੀ ਕੀਤੀ ਹੈ ਤੇ ਲੱਦਾਖ ਤਾਂ ਇਕ ਛੋਟਾ ਜਿਹਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫੌਜ ਵਿੱਚ ਬਹੁਤ ਤੇਜ਼ੀ ਨਾਲ ਬਦਲਾਅ (ਤਕਨੀਕ ਤੇ ਆਧੁਨਿਕ ਹਥਿਆਰਾਂ ਪੱਖੋਂ) ਆਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਦਰਪੇਸ਼ ਖ਼ਤਰੇ ਭਾਰਤੀ ਹਵਾਈ ਫੌਜ ਨੂੰ ਆਪਣੀ ਸਮਰੱਥਾ ਮਜ਼ਬੂਤ ਕਰਨ ਦਾ ਅਧਿਕਾਰ ਦਿੰਦੇ ਹਨ। ਪੀਟੀਆਈ