ਅਹਿਮਦਾਬਾਦ, 10 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਖੋਜਾਂ ਅਤੇ ਕਾਢਾਂ ਦਾ ਆਲਮੀ ਕੇਂਦਰ ਬਣਾਉਣ ਲਈ ਸਾਂਝੇ ਯਤਨ ਆਰੰਭਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ’ਚ ਆਧੁਨਿਕ ਨੀਤੀਆਂ ਘੜੀਆਂ ਜਾਣ।
ਸ੍ਰੀ ਮੋਦੀ ਨੇ ਕਿਹਾ ਕਿ ਪੱਛਮੀ ਮੁਲਕਾਂ ਵਾਂਗ ਭਾਰਤ ਆਪਣੇ ਸਾਇੰਸਦਾਨਾਂ ਦੇ ਕੰਮਾਂ ਦਾ ਢੁੱਕਵਾਂ ਸਨਮਾਨ ਕਰਨ ’ਚ ਨਾਕਾਮ ਰਿਹਾ ਹੈ ਜਿਸ ਕਾਰਨ ਸਮਾਜ ਦਾ ਵੱਡਾ ਵਰਗ ਵਿਗਿਆਨ ਤੋਂ ਮੂੰਹ ਮੋੜ ਗਿਆ ਹੈ। ‘ਭਾਰਤੀ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਦੀ ਲੋੜ ਹੈ।’ ਕੇਂਦਰ-ਰਾਜ ਸਾਇੰਸ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਵੀਡੀਓ ਲਿੰਕ ਰਾਹੀਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 2014 ਤੋਂ ਬਾਅਦ ਸਾਇੰਸ ਅਤੇ ਤਕਨਾਲੋਜੀ ਦੇ ਖੇਤਰਾਂ ’ਚ ਚੋਖਾ ਨਿਵੇਸ਼ ਵਧਿਆ ਹੈ। ‘ਭਾਰਤ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਅਤੇ ਜੈ ਅਨੁਸੰਧਾਨ (ਖੋਜ) ਦੇ ਮੰਤਰ ਨਾਲ ਅੱਗੇ ਵਧ ਰਿਹਾ ਹੈ।’
ਸੂਬਾ ਸਰਕਾਰਾਂ ਨੂੰ ਉੱਚ ਸਿੱਖਿਆ ਸੰਸਥਾਨਾਂ ’ਚ ਲੈਬਾਰਟਰੀਆਂ ਦੀ ਗਿਣਤੀ ਵਧਾਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਆਲਮੀ ਇਨੋਵੇਸ਼ਨ ਸੂਚਕ ਅੰਕ ਦੀ ਦਰਜਾਬੰਦੀ ’ਚ ਭਾਰਤ 81 ਤੋਂ 46ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਇੰਸ ਆਧਾਰਿਤ ਵਿਕਾਸ ਦੇ ਮੰਤਰ ਨਾਲ ਅਗਾਂਹ ਵਧ ਰਹੀ ਹੈ।
ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਅਤੇ ਸਾਇੰਸ ਤੇ ਤਕਨਾਲੋਜੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਜਿਤੇਂਦਰ ਸਿੰਘ ਵੀ ਹਾਜ਼ਰ ਸਨ। -ਪੀਟੀਆਈ