ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਵੱਲੋਂ ਜਾਰੀ ਰਿਪੋਰਟ ਵਿੱਚ ਸਾਲ 2021 ਦੀ ਮਨੁੱਖੀ ਵਿਕਾਸ ਸੂਚੀ ਵਿੱਚ ਭਾਰਤ ਨੂੰ 191 ਮੁਲਕਾਂ ’ਚੋਂ 132ਵੇਂ ਸਥਾਨ ’ਤੇ ਦਰਜਾਬੰਦ ਕੀਤਾ ਗਿਆ ਹੈ। ਦਰਮਿਆਨੀ ਮਨੁੱਖੀ ਵਿਕਾਸ ਸ਼੍ਰੇਣੀ ਵਿੱਚ ਸ਼ਾਮਲ ਮੁਲਕਾਂ ਵਿੱਚ ਭਾਰਤ ਦੀ ਐੱਚਡੀਆਈ ਵੈਲਿਊ 0.633 ਹੈ, ਜੋ ਕਿ 2020 ਦੀ ਰਿਪੋਰਟ ਵਿੱਚ ਦਿੱਤੀ 0.645 ਵੈਲਿਊ ਤੋਂ ਘੱਟ ਹੈ। 2020 ਦੇ ਮਨੁੱਖੀ ਵਿਕਾਸ ਇੰਡੈਕਸ ਵਿੱਚ ਭਾਰਤ ਨੂੰ 189 ਮੁਲਕਾਂ ਵਿੱਚੋਂ 131ਵਾਂ ਸਥਾਨ ਮਿਲਿਆ ਸੀ। ਰਿਪੋਰਟ ਮੁਤਾਬਕ, ‘‘ਆਲਮੀ ਰੁਝਾਨਾਂ ਵਾਂਗ ਭਾਰਤ ਦੇ ਕੇਸ ਵਿੱਚ ਐੱਚਡੀਆਈ ਵੈਲਿਊ ਡਿੱਗਣ ਦਾ ਕਾਰਨ ਜ਼ਿੰਦਗੀ ਦੀ ਸੰਭਾਵਨਾ ਘਟਣ ਨੂੰ ਮੰਨਿਆ ਜਾ ਰਿਹਾ ਹੈ। ਭਾਰਤ ਵਿੱਚ ਇਹ ਅੰਕੜਾ 69.7 ਸਾਲ ਤੋਂ ਘੱਟ ਕੇ 67.2 ਸਾਲ ਰਹਿ ਗਿਆ ਹੈ। ਭਾਰਤ ਦੀ ਸਕੂਲੀ ਪੜ੍ਹਾਈ ਦੇ ਸੰਭਾਵਿਤ ਸਾਲ 11.9 ਹਨ, ਅਤੇ ਸਕੂਲੀ ਪੜ੍ਹਾਈ ਦੇ ਔਸਤ ਸਾਲ 6.7 ਹਨ।’’ ਮਨੁੱਖੀ ਵਿਕਾਸ ਇੰਡੈਕਸ, ਅਸਲ ਵਿੱਚ ਕਿਸੇ ਮੁਲਕ ਦੀ ਸਿਹਤ, ਸਿੱਖਿਆ ਤੇ ਔਸਤ ਆਮਦਨ ਨੂੰ ਮਾਪਣ ਦਾ ਪੈਮਾਨਾ ਹੈ। ਰਿਪੋਰਟ ਮੁਤਾਬਕ ਪਿਛਲੇ ਦੋ ਸਾਲਾਂ 2020 ਤੇ 2021 ਵਿੱਚ ਲਗਾਤਾਰ ਨਿਘਾਰ ਵੇਖਣ ਨੂੰ ਮਿਲਿਆ ਹੈ, ਜਿਸ ਨੇ ਪੰਜ ਸਾਲਾਂ ਦੀ ਤਰੱਕੀ ਨੂੰ ਮੋੜਾ ਦੇੇ ਦਿੱਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਆਲਮੀ ਪੱਧਰ ’ਤੇ ਆਏ ਨਿਘਾਰ ਨਾਲ ਮੇਲ ਖਾਂਦਾ ਹੈ, ਜੋ ਦਰਸਾਉਂਦਾ ਹੈ ਕਿ ਕੁੱਲ ਆਲਮ ਵਿੱਚ ਮਨੁੱਖੀ ਵਿਕਾਸ 32 ਸਾਲਾਂ ਵਿੱਚ ਪਹਿਲੀ ਵਾਰ ਰੁਕਿਆ ਹੈ। ਯੂਐੱਨਡੀਪੀ ਦੇ ਪ੍ਰਸ਼ਾਸਕ ਆਚਿਮ ਸਟੇਨਰ ਨੇ ਕਿਹਾ, ‘‘ਕੁੱਲ ਆਲਮ ਨੂੰ ਉਪਰੋਥੱਲੀ ਕਈ ਸੰਕਟ ਦਰਪੇਸ਼ ਹਨ। ਅਸੀਂ ਰਹਿਣ ਸਹਿਣ ਦੇ ਖਰਚ ਤੇ ਊਰਜਾ ਸੰਕਟ ਨੂੰ ਅਖੀਂ ਵੇਖਿਆ ਹੈ। ਤੁਰੰਤ ਰਾਹਤ ਦੀਆਂ ਰਣਨੀਤੀਆਂ ਲੰਬੇ ਸਮੇਂ ਲਈ ਸਿਧਾਂਤਕ ਤਬਦੀਲੀਆਂ ਵਿੱਚ ਦੇਰੀ ਕਰ ਰਹੀਆਂ ਹਨ।’’ -ਪੀਟੀਆਈ
‘ਆਲਮੀ ਤਰੱਕੀ ਉਲਟ ਦਿਸ਼ਾ ਵੱਲ’
ਯੂਐੱਨਡੀਪੀ ਦੇ ਭਾਰਤ ਵਿੱਚ ਰੈਜ਼ੀਡੈਂਟ ਨੁਮਾਇੰਦੇ ਸ਼ੋਕੋ ਨੋਡਾ ਨੇ ਕਿਹਾ, ‘‘ਮਨੁੱਖੀ ਵਿਕਾਸ ਦੀ ਰਿਪੋਰਟ ਤੋਂ ਸਾਫ਼ ਹੈ ਕਿ ਆਲਮੀ ਤਰੱਕੀ ਉਲਟ ਦਿਸ਼ਾ ਵੱਲ ਹੈ। ਮਨੁੱਖੀ ਵਿਕਾਸ ਨੂੰ ਲੈ ਕੇ ਭਾਰਤ ਦੇ ਅੰਕੜੇ ਇਸ ਰੁਝਾਨ ਦਾ ਸ਼ੀਸ਼ਾ ਹਨ। ਪਰ ਚੰਗੀ ਖ਼ਬਰ ਹੈ ਕਿ 2019 ਦੇ ਮੁਕਾਬਲੇ ਮਨੁੱਖੀ ਵਿਕਾਸ ’ਤੇ ਨਾਬਰਾਬਰੀ ਦਾ ਅਸਰ ਘੱਟ ਹੈ।’’