ਨਵੀਂ ਦਿੱਲੀ, 4 ਮਈ
ਮੁੱਖ ਅੰਸ਼
- ਦਰਜਾਬੰਦੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 8 ਸਥਾਨ ਹੇਠਾਂ ਡਿੱਗਿਆ
ਆਲਮੀ ਪੱਧਰ ’ਤੇ ਮੀਡੀਆ ਦੀ ਆਜ਼ਾਦੀ ਦਾ ਮੁਲਾਂਕਣ ਕਰਨ ਵਾਲੀ ਸੰਸਥਾ ‘ਰਿਪੋਰਟਰਜ਼ ਵਿਦਾਊਟ ਬਾਰਡਰਜ਼’ ਵੱਲੋਂ ਜਾਰੀ ਇੱਕ ਰਿਪੋਰਟ ਮੁਤਾਬਕ ‘ਵਿਸ਼ਵ ਪ੍ਰੈੱਸ ਆਜ਼ਾਦੀ ਇੰਡੈਕਸ’ ਵਿੱਚ 180 ਮੁਲਕਾਂ ਦੀ ਸੂਚੀ ’ਚ ਭਾਰਤ ਦਾ ਰੈਂਕ ਪਿਛਲੇ ਸਾਲ ਦੇ 142ਵੇਂ ਨੰਬਰ ਦੇ ਮੁਕਾਬਲੇ ਹੁਣ ਖਿਸਕ ਕੇ 150ਵੇਂ ਸਥਾਨ ’ਤੇ ਚਲਾ ਗਿਆ ਹੈ। ਭਾਰਤ ਦੇ ਗੁਆਂਢੀ ਮੁਲਕਾਂ ’ਚ ਸਿਰਫ਼ ਨੇਪਾਲ ਨੂੰ ਛੱਡਕੇ ਬਾਕੀ ਸਾਰੇ ਮੁਲਕਾਂ ਦੀ ਰੈਂਕਿੰਗ ਵੀ ਖਿਸਕ ਕੇ ਹੇਠਾਂ ਆ ਗਈ ਹੈ, ਜਿਸ ਮੁਤਾਬਕ ਪਾਕਿਸਤਾਨ 157ਵੇਂ ਸਥਾਨ, ਸ੍ਰੀਲੰਕਾ 146ਵੇਂ, ਬੰਗਲਾਦੇਸ਼ 162ਵੇਂ ਤੇ ਮਿਆਂਮਾਰ 176ਵੇਂ ਸਥਾਨ ’ਤੇ ਹੈ। ‘ਆਰਐੱਸਐੱਫ 2022 ਵਰਲਡ ਪ੍ਰੈੱਸ ਫਰੀਡਮ ਇੰਡੈਕਸ’ ਮੁਤਾਬਕ ਨੇਪਾਲ 30 ਪੁਆਇੰਟਾਂ ਦੇ ਇਜ਼ਾਫ਼ੇ ਨਾਲ ਹੁਣ 76ਵੇਂ ਸਥਾਨ ’ਤੇ ਪੁੱਜ ਗਿਆ ਹੈ ਜੋ ਪਿਛਲੇ ਵਰ੍ਹੇ 106ਵੇਂ ਸਥਾਨ ’ਤੇ ਸੀ। ਇਸ ਸਾਲ ਨਾਰਵੇ (ਪਹਿਲੇ), ਡੈਨਮਾਰਕ (ਦੂਜੇ), ਸਵੀਡਨ (ਤੀਜੇ), ਐਸਟੋਨੀਆ (ਚੌਥੇ) ਤੇ ਫਿਨਲੈਂਡ (ਪੰਜਵੇਂ) ਪਹਿਲੇ ਪੰਜ ਮੁਲਕਾਂ ’ਚ ਸ਼ੁਮਾਰ ਰਹੇ ਹਨ ਜਦਕਿ ਉੱਤਰੀ ਕੋਰੀਆ ਇਸ ਸੂਚੀ ਵਿੱਚ ਸਭ ਤੋਂ ਆਖ਼ਰੀ 180ਵੇਂ ਸਥਾਨ ’ਤੇ ਹੈ। ਇਸ ਸੂਚੀ ਵਿੱਚ ਰੂਸ ਦਾ ਸਥਾਨ 155ਵਾਂ ਜਦਕਿ ਚੀਨ ਦਾ ਸਥਾਨ 175ਵਾਂ ਰਿਹਾ ਹੈ। ਕੌਮਾਂਤਰੀ ਐੱਨਜੀਓ ‘ਰਿਪੋਰਟਰਜ਼ ਵਿਦਾਊਟ ਬਾਰਡਰਜ਼’ ਵੱਲੋਂ ਵੈੱਬਸਾਈਟ ’ਤੇ ਜਾਰੀ ਬਿਆਨ ਮੁਤਾਬਕ ਇਸ ਸੰਸਥਾ ਤੇ ਨੌਂ ਹੋਰ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਭਾਰਤੀ ਅਧਿਕਾਰੀਆਂ ਨੂੰ ਪੱਤਰਕਾਰਾਂ ਤੇ ਆਨਲਾਈਨ ਮੰਚ ਦੇ ਆਲੋਚਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਸੰਸਥਾ ਨੇ ਕਿਹਾ ਕਿ ਸਾਫ਼ ਤੌਰ ’ਤੇ ਪੱਤਰਕਾਰਾਂ ’ਤੇ ਅਤਿਵਾਦੀ ਕਾਰਵਾਈਆਂ ਤੇ ਦੇਸ਼ ਧਰੋਹ ਕਾਨੂੰਨਾਂ ਤਹਿਤ ਸ਼ਿਕੰਜਾ ਕੱਸਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। -ਪੀਟੀਆਈ