ਬੰਗਲੁਰੂ, 14 ਜੁਲਾਈ
ਆਈਟੀ ਉਦਯੋਗ ਦੇ ਦਿੱਗਜ਼ ਐੱਨਆਰ ਨਰਾਇਣ ਮੂਰਤੀ ਨੇ ਕਿਹਾ ਕਿ ਭਾਰਤ ਪੌਸ਼ਟਿਕਤਾ ਅਤੇ ਮਕਾਨ ਵਰਗੀਆਂ ਵੱਡੀਆਂ ਸਮੱਸਿਆਵਾਂ ਨਾਲ ਨਜਿੱਠਣ ਤੋਂ ਅਜੇ ਕੋਹਾਂ ਦੂਰ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਭਾਰਤੀ ਮਾਨਸਿਕਤਾ ਵਿੱਚ ਸੱਭਿਆਚਾਰਕ ਤਬਦੀਲੀ ਦੀ ਵੱਡੀ ਲੋੜ ਹੈ। ਆਈਟੀ ਪ੍ਰਮੁੱਖ ਇੰਫੋਸਿਸ ਦੇ ਸੰਸਥਾਪਕ ਨੇ ਭਾਰਤ ਦੀਆਂ ਵੱਡੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਫਰੰਟਲਾਈਨ ਯੋਧਿਆਂ ਨੂੰ ਪਛਾਨਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਇੰਫੋੋਸਿਸ ਸਾਇੰਸ ਫਾਊਂਡੇਸ਼ਨ (ਆਈਐੱਸਐੱਫ) ਦੀ ਨਵੀਂ ਇਮਾਰਤ ਦੇ ਉਦਘਾਟਨ ਮੌਕੇ ਸਮਾਗਮ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਮੂਰਤੀ ਨੇ ਕਿਹਾ, ‘‘ਸਾਡਾ ਦੇਸ਼ ਵਿਗਿਆਨਕ ਅਤੇ ਇੰਜਨੀਅਰਿੰਗ ਵਿੱਚ ਤਰੱਕੀ ਕਰ ਰਿਹਾ ਹੈ। ਅਸੀਂ ਸਪੇਸ ਵਿੱਚ ਰਾਕੇਟ ਅਤੇ ਸੈਟੇਲਾਈਟ ਭੇਜੇ ਹਨ। ਅਸੀਂ ਸਟੀਲ ਪਲਾਂਟ, ਪਾਵਰ ਪਲਾਂਟ ਅਤੇ ਵੱਡੇ-ਵੱਡੇ ਡੈਮ ਬਣਾਏ। ਅਸੀਂ ਕੋਵਿਡ ਵੈਕਸੀਨ ਤਿਆਰ ਕੀਤੀ। ਇਸ ਦੇ ਬਾਵਜੂਦ ਭਾਰਤ ਸਿੱਖਿਆ, ਸਿਹਤ, ਪੋਸ਼ਣ ਅਤੇ 1.4 ਅਰਬ ਭਾਰਤੀਆਂ ਲਈ ਮਕਾਨ ਵਰਗੀਆਂ ਵੱਡੀਆਂ ਸਮੱਸਿਆਵਾਂ ਨਾਲ ਨਜਿੱਠਣ ਤੋਂ ਕੋਹਾਂ ਦੂਰ ਹੈ।’’ ਉਨ੍ਹਾਂ ਕਿਹਾ ਕਿ ਉਹ ਕਿਸੇ ਅਜਿਹੇ ਦੇਸ਼ ਨੂੰ ਨਹੀਂ ਜਾਣਦੇ, ਜਿਸ ਨੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਨੁੱਖੀ ਦਿਮਾਗ ਦੀ ਸ਼ਕਤੀ ਦੀ ਵਰਤੋਂ ਕੀਤੇ ਬਿਨਾਂ ਗਰੀਬੀ ਅਤੇ ਮਾੜੀ ਸਿਹਤ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਹੋਵੇ ਅਤੇ ਆਰਥਿਕ ਖੁਸ਼ਹਾਲੀ ਪ੍ਰਾਪਤ ਕੀਤੀ ਹੋਵੇ। -ਪੀਟੀਆਈ