ਬਾਲਾਸੌਰ (ਉੜੀਸਾ): ‘ਆਤਮਨਿਰਭਰ ਭਾਰਤ’ ਵੱਲ ਕਦਮ ਵਧਾਉਂਦਿਆਂ ਭਾਰਤ ਵੱਲੋਂ ਅੱਜ ਉੜੀਸਾ ਦੀ ਇੱਕ ਟੈਸਟ ਰੇਂਜ ’ਚ ਕਈ ਸਵਦੇਸ਼ੀ ਖੂਬੀਆਂ ਵਾਲੀ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਗਿਆ। ਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਕਰੂਜ਼ ਮਿਜ਼ਾਈਲ, ਜਿਸ ਵਿੱਚ ਸਵਦੇਸ਼ੀ ਬੂਸਟਰ, ਏਅਰਫਰੇਮ ਸੈਕਸ਼ਨ ਸਣੇ ਭਾਰਤ ’ਚ ਬਣੀ ਸਬ-ਪ੍ਰਣਾਲੀ ਸ਼ਾਮਲ ਹੈ, ਦੀ ਪਰਖ ਇਥੋਂ ਨੇੜੇ ਚੰਡੀਪੁਰ ਇੰਟੀਗ੍ਰੇਟਿਡ ਟੈਸਟ ਰੇਂਜ (ਆਈਟੀਆਰ) ਦੇ ਤਿੰਨ ਨੰਬਰ ਲਾਂਚਿੰਗ ਕੰਪਲੈਕਸ ਤੋਂ ਕੀਤੀ ਗਈ। ਰੱਖਿਆ ਖੋਜ ਅਤੇ ਵਿਕਾਸ (ਡੀਆਰਡੀਓ) ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਫਲ ਪ੍ਰੀਖਣ ਸਵੇਰੇ 10:30 ਵਜੇ ਕੀਤਾ ਗਿਆ। ਉਨ੍ਹਾਂ ਮੁਤਾਬਕ ਪਰਖ ਦੌਰਾਨ 400 ਕਿਲੋਮੀਟਰ ਤੋਂ ਵੱਧ ਦੂਰੀ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਦੇ ਸਾਰੇ ਮਾਪਦੰਡ ਸਹੀ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਡੀਆਰਡੀਓ ਦੇ ਚੇਅਰਮੈਨ ਨੇ ਇਸ ਸ਼ਾਨਦਾਰ ਮਿਸ਼ਨ ਲਈ ਡੀਆਰਡੀਓ ਦੇ ਮੁਲਾਜ਼ਮਾਂ, ਬ੍ਰਹਿਮੋਸ ਟੀਮ ਅਤੇ ਉਦਯੋਗਾਂ ਦਾ ਧੰਨਵਾਦ ਕੀਤਾ ਹੈ।
-ਪੀਟੀਆਈ