ਬਾਲਾਸੌਰ, 13 ਦਸੰਬਰ
ਭਾਰਤ ਨੇ ਅੱਜ ਉੜੀਸਾ ਤੱਟ ਤੋਂ ਸਫ਼ਲਤਾ ਨਾਲ ਸੁਪਰਸੌਨਿਕ ਮਿਜ਼ਾਈਲ ਅਸਿਸਟੇਡ ਤਾਰਪੀਡੋ ਸਿਸਟਮ (ਸਮੈਟ) ਦਾ ਪ੍ਰੀਖਣ ਕੀਤਾ ਹੈ। ਡੀਆਰਡੀਓ ਮੁਤਾਬਕ ਪ੍ਰੀਖਣ ਅਬਦੁਲ ਕਲਾਮ ਟਾਪੂ ਤੋਂ ਕੀਤਾ ਗਿਆ ਜਿਸ ਨੂੰ ਪਹਿਲਾਂ ‘ਵ੍ਹੀਲਰ ਆਈਲੈਂਡ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਮਿਸ਼ਨ ਦੌਰਾਨ ਮਿਜ਼ਾਈਲ ਦੀ ਪੂਰੀ ਰੇਂਜ ਸਮਰੱਥਾ ਪਰਖ਼ੀ ਗਈ। ਇਹ ਢਾਂਚਾ ਪਣਡੁੱਬੀਆਂ ਖ਼ਿਲਾਫ਼ ਜੰਗੀ ਸਮਰੱਥਾ ਵਧਾਉਣ ਲਈ ਵਿਕਸਿਤ ਕੀਤਾ ਗਿਆ ਹੈ। ਰੱਖਿਆ ਖੋਜ ਤੇ ਵਿਕਾਸ ਸੰਗਠਨ ਨੇ ਕਿਹਾ ਕਿ ਮਿਜ਼ਾਈਲ ਤਾਰਪੀਡੋ ਨੂੰ ਲਿਜਾਂਦੀ ਹੈ। ਇਸ ਵਿਚ ਪੈਰਾਸ਼ੂਟ ਸਿਸਟਮ ਤੇ ਰਿਲੀਜ਼ ਪ੍ਰਣਾਲੀ ਵੀ ਲੱਗੀ ਹੋਈ ਹੈ। ਸਿਸਟਮ ਜ਼ਮੀਨ ਤੋਂ ਮੋਬਾਈਲ ਲਾਂਚਰ ਰਾਹੀਂ ਛੱਡਿਆ ਗਿਆ ਤੇ ਇਹ ਵੱਖ-ਵੱਖ ਦੂਰੀਆਂ ਤੈਅ ਕਰ ਸਕਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਜਰਬਾ ਕਰਨ ਵਾਲੀ ਟੀਮ ਨੂੰ ਵਧਾਈ ਦਿੱਤੀ ਹੈ। –ਪੀਟੀਆਈ