ਸੰਯੁਕਤ ਰਾਸ਼ਟਰ/ਜਿਨੇਵਾ, 12 ਜੁਲਾਈ
ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ ਨੇ ਯੂਰੋਪ ਵਿੱਚ ਕੁਰਾਨ ਸਾੜਨ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਧਾਰਮਿਕ ਨਫ਼ਰਤ ਫੈਲਣ ਤੋਂ ਰੋਕਣ ਲਈ ਦੇਸ਼ਾਂ ਨੂੰ ਹੋਰ ਵਧੇਰੇ ਉਪਰਾਲੇ ਕਰਨ ਦੀ ਅਪੀਲ ਕਰਨ ਵਾਲੇ ਇਕ ਪ੍ਰਸਤਾਵ ਨੂੰ ਅੱਜ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਜਿਨੇਵਾ ਵਿੱਚ 47 ਮੈਂਬਰੀ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਪਾਕਿਸਤਾਨ ਤੇ ਫਲਸਤੀਨ ਵੱਲੋਂ ਲਿਆਂਦੇ ਗਏ ਇਕ ਪ੍ਰਸਤਾਵ ਨੂੰ ਅੱਜ 12 ਦੇ ਮੁਕਾਬਲੇ 28 ਵੋਟਾਂ ਨਾਲ ਮਨਜ਼ੂਰ ਕਰ ਲਿਆ। ਸੱਤ ਮੈਂਬਰ ਵੋਟਿੰਗ ’ਚੋਂ ਗੈਰ-ਹਾਜ਼ਰ ਰਹੇ। ਭਾਰਤ ਨੇ ਉਸ ਪ੍ਰਸਤਾਵ ਦੇ ਪੱਖ ਵਿੱਚ ਵੋਟ ਪਾਈ ਜਿਹੜਾ ਕਿ ‘ਪਵਿੱਤਰ ਕੁਰਾਨ ਦੇ ਅਪਮਾਨ ਦੀਆਂ ਹਾਲੀਆ ਜਨਤਕ ਤੇ ਪਹਿਲਾਂ ਤੋਂ ਨਿਰਧਾਰਤ ਕਾਰਵਾਈਆਂ ਦੀ ਨਿਖੇਧੀ ਕਰਦਾ ਹੈ ਅਤੇ ਦ੍ਰਿੜ੍ਹਤਾ ਨਾਲ ਇਨ੍ਹਾਂ ਨੂੰ ਖਾਰਜ ਕਰਦਾ ਹੈ। ਨਾਲ ਹੀ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨ ਤਹਿਤ ਦੇਸ਼ਾਂ ਨੂੰ ਮਿਲੀਆਂ ਜ਼ਿੰਮੇਵਾਰੀਆਂ ਮੁਤਾਬਕ ਧਾਰਮਿਕ ਨਫ਼ਰਤ ਵਾਲੀਆਂ ਇਨ੍ਹਾਂ ਕਾਰਵਾਈਆਂ ਦੇ ਅਪਰਾਧੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਲੋੜ ’ਤੇ ਜ਼ੋਰ ਦਿੰਦਾ ਹੈ।
ਇਸੇ ਦੌਰਾਨ ਅਫ਼ਗਾਨ ਤਾਲਿਬਾਨ ਨੇ ਕਿਹਾ ਕਿ ਸਟੌਕਹੋਮ ਵਿੱਚ ਪਵਿੱਤਰ ਕੁਰਾਨ ਸਾੜਨ ਦੇ ਵਿਰੋਧ ਵਿੱਚ ਉਨ੍ਹਾਂ ਵੱਲੋਂ ਅਫ਼ਗਾਨਿਸਤਾਨ ਵਿੱਚ ਸਵੀਡਨ ਨਾਲ ਸਬੰਧਤ ਸਾਰੀਆਂ ਸੰਸਥਾਵਾਂ ਦੀਆਂ ਗਤੀਵਿਧੀਆਂ ’ਤੇ ਰੋਕ ਲਗਾ ਦਿੱਤੀ ਗਈ ਹੈ। -ਪੀਟੀਆਈ