ਨਵੀਂ ਦਿੱਲੀ, 17 ਜੂਨ
ਲੱਦਾਖ ਦੀ ਗਲਵਾਨ ਵਾਦੀ ਵਿਚ ਭਾਰਤੀ ਤੇ ਚੀਨੀ ਸੈਨਾ ਵਿਚਾਲੇ ਹੋਏ ਹਿੰਸਕ ਟਕਰਾਅ ’ਤੇ ਪਹਿਲੀ ਪ੍ਰਤੀਕਿਰਿਆ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਸ਼ਾਂਤੀ ਚਾਹੁੰਦਾ ਹੈ ਪਰ ਭੜਕਾਏ ਜਾਣ ’ਤੇ ਮੂੰਹ ਤੋੜਵਾਂ ਜਵਾਬ ਦੇਣ ਦੇ ਵੀ ਸਮਰੱਥ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਫ਼ੌਜੀ ਜਵਾਨਾਂ ਦਾ ਬਲਿਦਾਨ ਬੇਕਾਰ ਨਹੀਂ ਜਾਵੇਗਾ। ਕਰੋਨਾਵਾਇਰਸ ਸੰਕਟ ਬਾਰੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫ਼ਰੰਸ ਦੇ ਦੂਜੇ ਦਿਨ ਮੋਦੀ ਨੇ ਕਿਹਾ ਕਿ ਭਾਰਤ ‘ਆਪਣੀ ਅਖੰਡਤਾ ਤੇ ਖ਼ੁਦਮੁਖਤਿਆਰੀ’ ਨਾਲ ਕਦੇ ਸਮਝੌਤਾ ਨਹੀਂ ਕਰੇਗਾ। ਮੁਲਕ ਆਪਣੇ ਆਤਮ ਸਨਮਾਨ ਤੇ ਜ਼ਮੀਨ ਦੇ ਹਰ ਇੰਚ ਦੀ ਰਾਖ਼ੀ ਪੂਰੇ ਜ਼ੋਰ ਨਾਲ ਕਰੇਗਾ। ਪ੍ਰਧਾਨ ਮੰਤਰੀ ਮੋਦੀ ਦੀ ਪ੍ਰਤੀਕਿਰਿਆ ਭਾਰਤੀ ਤੇ ਚੀਨੀ ਫ਼ੌਜ ਵਿਚਾਲੇ ਗਲਵਾਨ ਵਾਦੀ ’ਚ ਹੋਏ ਹਿੰਸਕ ਟਕਰਾਅ ਤੋਂ ਦੋ ਦਿਨ ਬਾਅਦ ਆਈ ਹੈ। ਮੋਦੀ ਨੇ ਕਿਹਾ ‘ਭਾਰਤ ਸ਼ਾਂਤੀ ਪਸੰਦ ਮੁਲਕ ਹੈ, ਅਸੀਂ ਹਮੇਸ਼ਾ ਆਪਣੇ ਗੁਆਂਢੀਆਂ ਨਾਲ ਦੋਸਤਾਨਾ ਢੰਗ ਨਾਲ ਨੇੜੇ ਹੋ ਕੇ ਕੰਮ ਕੀਤਾ ਹੈ ਤੇ ਆਪਸੀ ਸਹਿਯੋਗ ਨੂੰ ਪਹਿਲ ਦਿੱਤੀ ਹੈ। ਭਾਰਤ ਨੇ ਹਮੇਸ਼ਾ ਗੁਆਂਢੀਆਂ ਦਾ ਵਿਕਾਸ ਤੇ ਭਲਾਈ ਮੰਗੀ ਹੈ। ਅਸੀਂ ਕਿਸੇ ਨੂੰ ਕਦੇ ਨਹੀਂ ਉਕਸਾਇਆ, ਪਰ ਜੇ ਕੋਈ ਸਾਨੂੰ ਭੜਕਾਏਗਾ ਤਾਂ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦ ਵੀ ਸਮਾਂ ਆਇਆ ਹੈ, ਅਸੀਂ ਆਪਣੀ ਤਾਕਤ ਤੇ ਸਮਰੱਥਾ ਸਾਬਿਤ ਕੀਤੀ ਹੈ।’ ਸ਼ਹੀਦਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹਾਦਰ ਜਵਾਨਾਂ ਨੇ ਮੁਲਕ ਦੀ ਰਾਖੀ ਕਰਦਿਆਂ ਵੱਡਾ ਬਲਿਦਾਨ ਦਿੱਤਾ ਹੈ। ਸਾਰਾ ਮੁਲਕ ਸ਼ਹੀਦਾਂ ਦੇ ਨਾਲ ਖੜ੍ਹਾ ਹੈ। ਵੀਡੀਓ ਕਾਨਫ਼ਰੰਸ ਵਿਚ ਹਿੱਸਾ ਲੈਣ ਵਾਲਿਆਂ ਨੇ ਸ਼ਹੀਦਾਂ ਦੇ ਸਨਮਾਨ ’ਚ ਦੋ ਮਿੰਟ ਦਾ ਮੌਨ ਵੀ ਧਾਰਿਆ। ਮੋਦੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਵਖ਼ਰੇਵਿਆਂ ਨੂੰ ਵਿਵਾਦ ਨਾ ਬਣਨ ਦਿੱਤਾ ਜਾਵੇ, ਪਰ ਮੁਲਕ ਦੀ ਅਖੰਡਤਾ ਤੇ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਹੋ ਸਕਦਾ। ਮੁਲਕ ਦੀ ਰਾਖੀ ਕਰਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ-ਭਰਮ ਨਹੀਂ ਹੋਣਾ ਚਾਹੀਦਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਦੇਸ਼ ਲਈ ਬਲਿਦਾਨ ਦੇਣ ਵਾਲੇ ਸ਼ਹੀਦਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ। -ਪੀਟੀਆਈ
ਜਵਾਨਾਂ ਦੀ ਸ਼ਹੀਦੀ ਬੇਹੱਦ ਦੁਖਦਾਈ ਤੇ ਨਿਰਾਸ਼ਾਜਨਕ: ਰਾਜਨਾਥ
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਗਲਵਾਨ ਵਾਦੀ ਵਿਚ ਭਾਰਤੀ ਫ਼ੌਜ ਦੇ ਜਵਾਨਾਂ ਦੀ ਸ਼ਹੀਦੀ ਨੂੰ ਬੇਹੱਦ ਦੁਖਦਾਈ ਤੇ ਨਿਰਾਸ਼ਾਜਨਕ ਦੱਸਿਆ ਹੈ। ਚੀਨੀ ਫ਼ੌਜ ਨਾਲ ਹਿੰਸਕ ਝੜਪ ਵਿਚ ਸ਼ਹੀਦ ਹੋਏ 20 ਜਵਾਨਾਂ ਨੂੰ ਰੱਖਿਆ ਮੰਤਰੀ ਨੇ ਅੱਜ ਸ਼ਰਧਾਂਜਲੀ ਭੇਟ ਕੀਤੀ। ਰਾਜਨਾਥ ਨੇ ਕਿਹਾ ਕਿ ਭਾਰਤੀ ਜਵਾਨਾਂ ਨੇ ਡਿਊਟੀ ਦੌਰਾਨ ਮਿਸਾਲੀ ਬਹਾਦਰੀ ਤੇ ਦ੍ਰਿੜ੍ਹਤਾ ਦਾ ਸਬੂਤ ਦਿੰਦਿਆਂ ਫ਼ੌਜ ਦੀਆਂ ਸਰਵੋਤਮ ਰਵਾਇਤਾਂ ਨੂੰ ਬਰਕਰਾਰ ਰੱਖਦਿਆਂ ਆਪਣੀ ਜਾਨ ਕੁਰਬਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਕ ਇਨ੍ਹਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਕਦੇ ਨਹੀਂ ਭੁੱਲੇਗਾ। ਰਾਜਨਾਥ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਮੁੱਚਾ ਦੇਸ਼ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਦੇਸ਼ ਨੂੰ ਜਵਾਨਾਂ ਦੀ ਬਹਾਦਰੀ ਤੇ ਹੌਸਲੇ ਉਤੇ ਮਾਣ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਵਾਸੀ ਲੱਦਾਖ ਵਿਚ ਮੁਲਕ ਖ਼ਾਤਰ ਜਾਨਾਂ ਵਾਰਨ ਵਾਲੇ ਜਵਾਨਾਂ ਦੇ ਹਮੇਸ਼ਾ ਕਰਜ਼ਦਾਰ ਰਹਿਣਗੇ। -ਪੀਟੀਆਈ
ਕਿਸੇ ਗਲਤਫ਼ਹਿਮੀ ਵਿੱਚ ਨਾ ਰਹੇ ਭਾਰਤ: ਚੀਨ
ਪੇਈਚਿੰਗ: ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਦੋਸ਼ ਲਾਇਆ ਹੈ ਕਿ 15 ਜੂਨ ਦੀ ਸ਼ਾਮ ਨੂੰ ਭਾਰਤੀ ਜਵਾਨਾਂ ਨੇ ਦੋਵਾਂ ਧਿਰਾਂ ਦੇ ਫ਼ੌਜੀ ਅਧਿਕਾਰੀਆਂ ਵਿਚਾਲੇ ਬਣੀ ਸਹਿਮਤੀ ਤੋੜ ਕੇ ਅਸਲ ਕੰਟਰੋਲ ਰੇਖਾ ਪਾਰ ਕੀਤੀ। ਇਸੇ ਕਾਰਨ ਹਿੰਸਕ ਟਕਰਾਅ ਹੋਇਆ। ਵਾਂਗ ਨੇ ਕਿਹਾ ਕਿ ਭਾਰਤੀ ਫ਼ੌਜ ਦੀ ਇਸ ‘ਖ਼ਤਰਨਾਕ ਕਾਰਵਾਈ ਨੇ ਸਰਹੱਦੀ ਵਿਵਾਦ ਟਾਲਣ ਲਈ ਬਣੇ ਸਮਝੌਤੇ ਤੇ ਕੌਮਾਂਤਰੀ ਸਬੰਧਾਂ ਦੇ ਨੇਮਾਂ ਦੀ ਗੰਭੀਰ ਉਲੰਘਣਾ ਕੀਤੀ।’ ਉਨ੍ਹਾਂ ਮੰਗ ਕੀਤੀ ਕਿ ਭਾਰਤ ਇਸ ਘਟਨਾ ਦੀ ‘ਗਹਿਰਾਈ ਨਾਲ ਜਾਂਚ’ ਕਰਵਾਏ ਤੇ ਜ਼ਿੰਮੇਵਾਰੀ ਤੈਅ ਕਰੇ ਤਾਂ ਕਿ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਵਾਪਰੇ। ਚੀਨੀ ਵਿਦੇਸ਼ ਮੰਤਰੀ ਨੇ ਨਾਲ ਹੀ ਕਿਹਾ ਕਿ ਭਾਰਤ ਅਸਲ ਕੰਟਰੋਲ ਰੇਖਾ ਲਾਗੇ ਤਾਇਨਾਤ ਆਪਣੇ ਫ਼ੌਜੀਆਂ ਨੂੰ ਸਖ਼ਤੀ ਨਾਲ ਕਾਬੂ ਕਰੇ। ਉਨ੍ਹਾਂ ਕਿਹਾ ਕਿ ਭਾਰਤ ਮੌਜੂਦਾ ਸਥਿਤੀ ਦਾ ਗਲਤ ਅੰਦਾਜ਼ਾ ਨਾ ਲਾਏ ਤੇ ਚੀਨ ਵੱਲੋਂ ਆਪਣੇ ਇਲਾਕੇ ਦੀ ਰਾਖੀ ਲਈ ਚੁੱਕੇ ਜਾ ਸਕਣ ਵਾਲੇ ਕਦਮਾਂ ਬਾਰੇ ਕਿਸੇ ਗਲਤਫ਼ਹਿਮੀ ਵਿਚ ਨਾ ਰਹੇ। -ਪੀਟੀਆਈ
ਗਲਵਾਨ ਘਟਨਾਕ੍ਰਮ ਬਾਰੇ ਦੇਸ਼ ਨੂੰ ‘ਸੱਚ’ ਦੱਸਣ ਮੋਦੀ: ਸੋਨੀਆ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਇਕ ਵੀਡੀਓ ਬਿਆਨ ਵਿਚ ਕਿਹਾ ਕਿ ਗਲਵਾਨ ਵਾਦੀ ਘਟਨਾਕ੍ਰਮ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹ ਕੇ ‘ਸੱਚ’ ਬਿਆਨਣਾ ਚਾਹੀਦਾ ਹੈ ਤੇ ਮੁਲਕ ਵਾਸੀਆਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਵਾਨਾਂ ਦੀ ਸ਼ਹੀਦੀ ਨਾਲ ‘ਦੇਸ਼ ਦੀ ਰੂਹ ਕੰਬ ਉੱਠੀ ਹੈ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਸਲ ਕੰਟਰੋਲ ਰੇਖਾ ਦੀ ਤਾਜ਼ਾ ਸਥਿਤੀ ਬਾਰੇ ਮੁਲਕ ਨੂੰ ਸੱਚੋ-ਸੱਚ ਦੱਸਣਾ ਚਾਹੀਦਾ ਹੈ ਤੇ ਸਥਿਤੀ ਨਾਲ ਨਜਿੱਠਣ ਲਈ ‘ਅਗਲੀ ਰਣਨੀਤੀ’ ਕੀ ਹੈ, ਇਸ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ। ਸੋਨੀਆ ਨੇ ਮੁਲਕ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਦਾ ਭਾਰਤੀ ਫ਼ੌਜ ਤੇ ਸਰਕਾਰ ਨੂੰ ਪੂਰਾ ਸਮਰਥਨ ਹੈ। ਕਾਂਗਰਸ ਮੁਖੀ ਨੇ ਕਿਹਾ ਕਿ ਪੂਰਾ ਮੁਲਕ ਦੁਸ਼ਮਣ ਨਾਲ ਮੱਥਾ ਲਾਉਣ ਲਈ ਇਕਜੁੱਟ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਮੁਲਕ ਨੂੰ ਦੱਸਣ ਕਿ ਕਿੰਨੇ ਜਵਾਨ ਗੰਭੀਰ ਜ਼ਖ਼ਮੀ ਹੋਏ ਹਨ ਤੇ ਕਿੰਨੇ ਹਿਰਾਸਤ ਵਿਚ ਲਏ ਗਏ ਹਨ। ਕੀ ਭਾਰਤੀ ਜ਼ਮੀਨ ਉਤੇ ਚੀਨ ਨੇ ‘ਕਬਜ਼ਾ’ ਕੀਤਾ ਹੈ, ਇਸ ਬਾਰੇ ਵੀ ਖੁੱਲ੍ਹ ਕੇ ਬਿਆਨ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਚੀਨ ਦੇ ਭਾਰਤੀ ਖੇਤਰ ਵੱਲ ਵਧਣ ਬਾਰੇ ਕਾਂਗਰਸ ਪਿਛਲੇ ਮਹੀਨੇ ਤੋਂ ਸਵਾਲ ਉਠਾ ਰਹੀ ਹੈ, ਪਰ ਸਰਕਾਰ ਨੇ ਕੋਈ ਹੁੰਗਾਰਾ ਨਹੀਂ ਭਰਿਆ। ਸੀਨੀਅਰ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕੇਂਦਰ ਸਰਕਾਰ ਉਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੱਦਾਖ ਵਿਚ ਵਾਪਰੀਆਂ ਘਟਨਾਵਾਂ ‘ਕੂਟਨੀਤਕ ਅਣਗਹਿਲੀਆਂ’ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਕਿ ਨਰਿੰਦਰ ਮੋਦੀ ਸਾਬਿਤ ਕਰਨ ਕਿ ਉਨ੍ਹਾਂ ਦਾ ਸੀਨਾ ‘56 ਇੰਚ’ ਦਾ ਹੈ। -ਪੀਟੀਆਈ