ਨਵੀਂ ਦਿੱਲੀ, 24 ਅਪਰੈਲ
ਭਾਰਤ ਨੇ ਚੀਨੀ ਨਾਗਰਿਕਾਂ ਨੂੰ ਜਾਰੀ ਟੂਰਿਸਟ ਵੀਜ਼ੇ ਮੁਅੱਤਲ ਕਰ ਦਿੱਤੇ ਹਨ। ਕੌਮਾਂਤਰੀ ਹਵਾਈ ਆਵਾਜਾਈ ਐਸੋਸੀਏਸ਼ਨ (ਆਈਏਟੀਏ) ਵੱਲੋਂ 20 ਅਪਰੈਲ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਦੱਸਣਯੋਗ ਹੈ ਭਾਰਤ ਵੱਲੋਂ ਚੀਨ ਦੀਆਂ ਯੂਨੀਵਰਸਿਟੀਆਂ ਵਿੱਚ ਰਜਿਸਟਰਡ ਕਰੀਬ 22,000 ਭਾਰਤੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਚੀਨ ਕੋਲ ਉਠਾਈਆਂ ਜਾਂਦੀਆਂ ਹਨ, ਇਹ ਵਿਦਿਆਰਥੀ ਉੱਥੇ ਜਾ ਕੇ ਕਲਾਸਾਂ ਲਾਉਣ ਤੋਂ ਅਸਮਰੱਥ ਹਨ। ਚੀਨ ਨੇ ਹਾਲੇ ਤੱਕ ਇਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਵਿਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਸਾਲ 2020 ਵਿੱਚ ਕਰੋਨਾ ਮਹਾਮਾਰੀ ਕਾਰਨ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਕੇ ਭਾਰਤ ਪਰਤਣਾ ਪਿਆ ਸੀ। ਭਾਰਤ ਸਬੰਧੀ 20 ਅਪਰੈਲ ਨੂੰ ਜਾਰੀ ਇੱਕ ਹੁਕਮ ਵਿੱਚ ਆਈਏਟੀਏ ਨੇ ਕਿਹਾ ਕਿ ਚੀਨ (ਪੀਪਲਜ਼ ਰਿਪਬਲਿਕ) ਦੇ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਟੂਰਿਸਟ ਵੀਜ਼ੇ ਹੁਣ ਵੈਲਿਡ ਨਹੀਂ ਹਨ। ਆਈਏਟੀਏ ਨੇ ਇਹ ਵੀ ਕਿਹਾ ਕਿ ਦਸ ਸਾਲ ਦੀ ਵੈਧਤਾ ਵਾਲੇ ਟੂਰਿਸਟ ਵੀਜ਼ੇ ਹੁਣ ਵੈਲਿਡ ਨਹੀਂ ਹਨ। ਆਈਏਟੀਏ ਲੱਗਭਗ 290 ਮੈਂਬਰਾਂ ਵਾਲੀ ਇੱਕ ਗਲੋਬਲ ਏਅਰਲਾਈਨ ਸੰਸਥਾ ਹੈ। -ਏਜੰਸੀ