ਵਾਸ਼ਿੰਗਟਨ/ਨਵੀਂ ਦਿੱਲੀ: ਭਾਰਤ ਤੇ ਅਮਰੀਕਾ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਵਿਚ ਛੇ ਵਪਾਰਕ ਵਿਵਾਦਾਂ ਨੂੰ ਖ਼ਤਮ ਕਰਨ ਲਈ ਸਹਿਮਤ ਹੋ ਗਏ ਹਨ। ਇਸ ਦੇ ਨਾਲ ਹੀ ਭਾਰਤ ਕਈ ਅਮਰੀਕੀ ਵਸਤਾਂ ਉਤੇ ਲਾਈ ਕਸਟਮ ਡਿਊਟੀ ਨੂੰ ਵੀ ਹਟਾਏਗਾ। ਇਨ੍ਹਾਂ ਪਦਾਰਥਾਂ ਵਿਚ ਬਦਾਮ, ਅਖਰੋਟ ਤੇ ਸੇਬ ਸ਼ਾਮਲ ਹਨ। ਇਨ੍ਹਾਂ ਛੇ ਵਪਾਰਕ ਝਗੜਿਆਂ ਵਿਚੋਂ ਤਿੰਨ ਦੀ ਕਾਰਵਾਈ ਭਾਰਤ ਵੱਲੋਂ ਤੇ ਤਿੰਨ ਦੀ ਅਮਰੀਕਾ ਵੱਲੋਂ ਆਰੰਭੀ ਗਈ ਸੀ। ਇਸ ਬਾਰੇ ਐਲਾਨ ਕਰਦਿਆਂ ਅਮਰੀਕਾ ਦੀ ਵਪਾਰ ਪ੍ਰਤੀਨਿਧੀ ਕੈਥਰੀਨ ਟਾਈ ਨੇ ਕਿਹਾ ਕਿ ਟੈਕਸ ਵਿਚ ਇਹ ਕਟੌਤੀ ਅਮਰੀਕੀ ਖੇਤੀ ਉਤਪਾਦਕਾਂ ਤੇ ਨਿਰਮਾਤਾਵਾਂ ਲਈ ਭਾਰਤ ਵਿਚ ਮੌਕਿਆਂ ਨੂੰ ਬਹਾਲ ਕਰੇਗਾ ਤੇ ਇਨ੍ਹਾਂ ਦਾ ਵਿਸਤਾਰ ਵੀ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ ਇਕ ਸਾਂਝੇ ਬਿਆਨ ‘ਚ ਵਪਾਰ ਪ੍ਰਤੀਨਿਧੀ ਨੇ ਕਿਹਾ ਕਿ ਦੋਵੇਂ ਮੁਲਕ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕ ਰਹੇ ਹਨ ਤਾਂ ਕਿ ਵਪਾਰਕ ਸਬੰਧਾਂ ਨੂੰ ਵੀ ਮਜ਼ਬੂਤ ਕੀਤਾ ਜਾ ਸਕੇ। ਭਾਰਤ ਦੇ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਵੀ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਚੁੱਕੇ ਜਾ ਰਹੇ ਇਨ੍ਹਾਂ ਕਦਮਾਂ ਦਾ ਸਵਾਗਤ ਕੀਤਾ। -ਪੀਟੀਆਈ