ਸੰਯੁਕਤ ਰਾਸ਼ਟਰ/ਜਨੇਵਾ: ਭਾਰਤ ਨੇ ਅੱਜ ਫ਼ਲਸਤੀਨੀ ਲੋਕਾਂ ਦੇ ਸਵੈ-ਨਿਰਣੇ ਅਤੇ ਨਾਲ ਹੀ ਆਜ਼ਾਦ ਫ਼ਲਸਤੀਨੀ ਮੁਲਕ ਦੇ ਉਨ੍ਹਾਂ ਦੇ ‘ਅਟੱਲ ਹੱਕ’ ਦੀ ਹਮਾਇਤ ਕਰਦੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ ਇਕ ਮਤੇ ਦੇ ਖਰੜੇ ਦੇ ਹੱਕ ਵਿਚ ਵੋਟ ਪਾਈ। ਇਸ ਤਰ੍ਹਾਂ ਭਾਰਤ ਸਮੇਤ 42 ਮੈਂਬਰ ਮੁਲਕਾਂ ਵਿਚੋਂ ਮਤੇ ਦੇ ਹੱਕ ਵਿਚ ਵੋਟ ਪਾਏ ਜਾਣ ਸਦਕਾ ‘ਸਵੈ-ਨਿਰਣੇ ਦਾ ਫ਼ਲਸਤੀਨੀ ਲੋਕਾਂ ਦਾ ਅਧਿਕਾਰ’ ਸਿਰਲੇਖ ਵਾਲਾ ਇਹ ਮਤਾ ਕੌਂਸਲ ਵਿਚ ਪਾਸ ਹੋ ਗਿਆ। 47 ਮੈਂਬਰੀ ਕੌਂਸਲ ਵਿਚ ਸਿਰਫ਼ ਅਮਰੀਕਾ ਤੇ ਪੈਰਾਗੁਏ ਨੇ ਮਤੇ ਦੇ ਖ਼ਿਲਾਫ਼ ਵੋਟ ਪਾਈ, ਜਦੋਂਕਿ ਅਲਬਾਨੀਆ, ਅਰਜਨਟੀਨਾ ਅਤੇ ਕੈਮਰੂਨ ਵੋਟਿੰਗ ਤੋਂ ਗ਼ੈਰ-ਹਾਜ਼ਰ ਰਹੇ। ਇਹ ਮਤਾ ‘ਫ਼ਲਸਤੀਨੀ ਲੋਕਾਂ ਦੇ ਸਵੈ-ਨਿਰਣੇ, ਜਿਸ ਵਿਚ ਆਜ਼ਾਦੀ ਤੇ ਸਨਮਾਨਜਨਕ ਢੰਗ ਨਾਲ ਰਹਿਣ ਦਾ ਉਨ੍ਹਾਂ ਦਾ ਅਧਿਕਾਰ ਵੀ ਸ਼ਾਮਲ ਹੈ ਤੇ ਨਾਲ ਹੀ ਆਜ਼ਾਦ ਫ਼ਲਸਤੀਨੀ ਮੁਲਕ ਦੇ ਉਨ੍ਹਾਂ ਦੇ ਅਧਿਕਾਰ ਸਬੰਧੀ ਉਨ੍ਹਾਂ ਦੇ ਅਟੱਲ, ਪੱਕੇ ਤੇ ਨਿਰਵਿਵਾਦ ਹੱਕ ਦੀ ਵੀ ਮੁੜ ਤੋਂ ਤਾਈਦ’ ਕਰਦਾ ਹੈ। -ਪੀਟੀਆਈ