ਨਵੀਂ ਦਿੱਲੀ, 21 ਦਸੰਬਰ
ਯੂਕੇ ਵਿਚ ਕਰੋਨਾਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ’ਤੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਭਾਰਤ ਸਰਕਾਰ ਇਸ ਮਾਮਲੇ ’ਤੇ ਪੂਰੀ ਤਰ੍ਹਾਂ ਚੌਕਸ ਹੈ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਕਾਬਿਲੇਗੌਰ ਹੈ ਕਿ ਯੂਕੇ ਵਿੱਚ ਕਰੋਨਾਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਬਾਅਦ ਵਿਸ਼ਵ ਵਿੱਚ ਮੁਸ਼ਕਲ ਵਧ ਗਈ ਹੈ। ਯੂਕੇ ਵਿੱਚ ਕਰੋਨਾਵਾਇਰਸ ਦੀ ਨਵੀਂ ਕਿਸਮ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ।
ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮੰਗ ਕੀਤੀ ਸੀ ਕਿ ਯੂਕੇ ਵਿੱਚ ਕਰੋਨਾ ਵਾਇਰਸ ਦੇ ਪਰਿਵਰਤਨਸ਼ੀਲ ਰੂਪ ਨੂੰ ਦੇਖਦਿਆਂ ਕੇਂਦਰ ਸਰਕਾਰ ਯੂਕੇ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਤੁਰਤ ਰੋਕ ਲਗਾਏ। ਕੇਜਰੀਵਾਲ ਨੇ ਟਵੀਟ ਕੀਤਾ, ‘‘ ਯੂਕੇ ਵਿੱਚ ਕਰੋਨਾਵਾਇਰਸ ਦਾ ਨਵਾਂ ਰੂਪ ਸਾਹਮਣੇ ਆਇਆ ਹੈ, ਜੋ ਤੇਜ਼ੀ ਨਾਲ ਫੈਲ ਰਿਹਾ ਹੈ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਯੂਕੇ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਤੁਰਤ ਪਾਬੰਦੀ ਲਗਾਏ। ’’
ਨੀਦਰਲੈਂਡ, ਇਟਲੀ ਅਤੇ ਬੈਲਜੀਅਮ ਨੇ ਯੂਕੇ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਲਗਾ ਦਿੱਤੀ ਹੈ, ਕਿਉਂਕਿ ਬ੍ਰਿਟਿਸ਼ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਕਰੋਨਾਵਾਇਰਸ ਦਾ ਨਵਾਂ ਰੂਪ ਬਹੁਤ ਹੀ ਖ਼ਤਰਨਾਕ ਹੈ ਜਿਸ ਨੂੰ ਦੇਖਦਿਆਂ ਐਤਵਾਰ ਤੋਂ ਮੁਲਕ ਵਿੱਚ ਮੁੜ ਲੌਕਡਾਉਣ ਲਾਗੂ ਕਰ ਦਿੱਤਾ ਗਿਆ ਹੈ। -ਏਜੰਸੀ