ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਅਫ਼ਗਾਨ ਹਮਰੁਤਬਾ ਮੁਹੰਮਦ ਹਨੀਫ਼ ਅਤਮਰ ਨੂੰ ਕਿਹਾ ਕਿ ਭਾਰਤ ਹਮੇਸ਼ਾ ਅਫ਼ਗਾਨਿਸਤਾਨ ਦੇ ਲੋਕਾਂ ਨਾਲ ਖੜ੍ਹੇਗਾ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਦੀ ਮੁਹੰਮਦ ਹਨੀਫ਼ ਨਾਲ ਹੋਈ ਗੱਲਬਾਤ ਵਿਚ ਅਫ਼ਗਾਨ ਸ਼ਾਂਤੀ ਪ੍ਰਕਿਰਿਆ ਦਾ ਮੁੱਦਾ ਵੀ ਵਿਚਾਰਿਆ ਗਿਆ ਹੈ। ਫੋਨ ’ਤੇ ਹੋਈ ਗੱਲਬਾਤ ਵਿਚ ਦੋਵਾਂ ਵਿਦੇਸ਼ ਮੰਤਰੀਆਂ ਨੇ ਅਫ਼ਗਾਨਿਸਤਾਨ ਵਿਚ ਬਦਲ ਰਹੀ ਸਥਿਤੀ ਉਤੇ ਵਿਚਾਰ-ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਅਮਰੀਕਾ ਨੇ 11 ਸਤੰਬਰ ਤੱਕ ਅਫ਼ਗਾਨਿਸਤਾਨ ਵਿਚੋਂ ਆਪਣੀ ਸਾਰੀ ਫ਼ੌਜ ਕੱਢਣ ਦਾ ਐਲਾਨ ਕੀਤਾ ਹੈ। ਇਕ ਟਵੀਟ ਕਰਦਿਆਂ ਜੈਸ਼ੰਕਰ ਨੇ ਅਫ਼ਗਾਨ ਮੰਤਰੀ ਨਾਲ ਹੋਈ ਗੱਲਬਾਤ ਨੂੰ ਚੰਗੀ ਦੱਸਿਆ। ਦੱਸਣਯੋਗ ਹੈ ਕਿ ਸ਼ੁੱਕਰਵਾਰ ‘ਰਾਇਸੀਨਾ ਡਾਇਲਾਗ’ ਦੌਰਾਨ ਜੈਸ਼ੰਕਰ ਨੇ ਅਮਰੀਕਾ ਵੱਲੋਂ ਕੀਤੇ ਐਲਾਨ ਨੂੰ ‘ਵੱਡਾ ਕਦਮ’ ਦੱਸਿਆ ਸੀ ਤੇ ਕਿਹਾ ਸੀ ਕਿ ਇਸ ਮਾਮਲੇ ਵਿਚ ਸਹੀ ਦਿਸ਼ਾ ’ਚ ਜਾਣ ਲਈ ਜ਼ਰੂਰੀ ਹੈ ਕਿ ਸਾਰੇ ਹਿੱਤਧਾਰਕ ਮਿਲ ਕੇ ਕੰਮ ਕਰਨ। ਅਫ਼ਗਾਨਿਸਤਾਨ ਵਿਚ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣ ਵਿਚ ਭਾਰਤ ਦੀ ਅਹਿਮ ਭੂਮਿਕਾ ਹੈ। -ਪੀਟੀਆਈ