ਸੰਯੁਕਤ ਰਾਸ਼ਟਰ, 9 ਅਕਤੂਬਰ
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤ੍ਰਿਮੂਰਤੀ ਨੇ ਕਿਹਾ ਹੈ ਕਿ ਇਹ ਯਕੀਨੀ ਬਣਾਉਣ ਵਾਲਿਆਂ ਵਿਚ ਭਾਰਤ ਸਭ ਤੋਂ ਅੱਗੇ ਰਹੇਗਾ ਕਿ ਕੋਵਿਡ ਤੋਂ ਉਭਾਰ ਤੇ ਇਸ ਦਾ ਟਾਕਰਾ ਕਰਨ ਵੱਲ ‘ਸਾਡੇ ਸਮੂਹਿਕ ਰਾਹ’ ਨੂੰ ਅਤਿਵਾਦ, ਹਿੰਸਕ ਕੱਟੜਵਾਦ ਦਾ ਸਮਰਥਨ ਕਰਨ ਵਾਲੇ ਰੋਕ ਨਾ ਸਕਣ। ਸੰਯੁਕਤ ਰਾਸ਼ਟਰ ਮਹਾਸਭਾ ਵਿਚ ਉਨ੍ਹਾਂ ਕਿਹਾ ‘ਦੁਨੀਆ ਜਦ ਮਹਾਮਾਰੀ ਤੇ ਜਲਵਾਯੂ ਤਬਦੀਲੀ ਦਾ ਸਾਹਮਣਾ ਕਰ ਰਹੀ ਹੈ ਤਾਂ ਅਜਿਹੇ ਵਿਚ ਸਾਡੇ ਲਈ ਕਈ ਨੁਕਸਾਨ ਕਰਨ ਵਾਲੀਆਂ ਤਾਕਤਾਂ ਚੁਣੌਤੀਆਂ ਖੜ੍ਹੀਆਂ ਕਰ ਰਹੀਆਂ ਹਨ।’ ਉਨ੍ਹਾਂ ਕਿਹਾ ਅਸੀਂ ਅਜਿਹੇ ਸਮੇਂ ਮਿਲ ਰਹੇ ਹਾਂ ਜਦ ਕੋਵਿਡ ਸੰਕਟ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਵੈਸੇ ਟੀਕਾ ਆਉਣ ਨਾਲ ਇਹ ਉਮੀਦ ਹੈ ਕਿ ਅਸੀਂ ਹਾਲਾਤ ਬਦਲ ਸਕਦੇ ਹਾਂ। ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਮਹਾਮਾਰੀ ਨਾਲ ਨਜਿੱਠਣ ਲਈ ਇਕਜੁੱਟ ਹੋਣਾ ਪਏਗਾ ਤੇ ਅਜਿਹੀ ਲਚਕਦਾਰ ਪ੍ਰਣਾਲੀ ਅਪਣਾਉਣੀ ਪਏਗੀ ਜਿਸ ਨਾਲ ਸਾਡੇ ਲਈ ਸੁਧਾਰ ਦਾ ਰਾਹ ਤਿਆਰ ਹੋਵੇ। ਤ੍ਰਿਮੂਰਤੀ ਨੇ ਕਿਹਾ ‘ਅਤਿਵਾਦ, ਨਫ਼ਰਤ, ਕੱਟੜਵਾਦ, ਮਨੁੱਖੀ ਹੱਕਾਂ ਤੇ ਲੋਕਤੰਤਰ ਲਈ ਚੁਣੌਤੀ ਤੇ ਉਸ ਨਾਲ ਸਬੰਧਤ ਅਪੁਸ਼ਟ ਖ਼ਬਰਾਂ ਵਿਚ ਵਾਧਾ ਹੋਇਆ ਹੈ।’ ਭਾਰਤ ਦੇ ਪ੍ਰਤੀਨਿਧੀ ਨੇ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਨਾਲ ‘ਵਿਕਾਸ ਭਾਈਵਾਲੀ’ ਬਾਰੇ ਭਾਰਤ ਦਾ ਸੰਕਲਪ ਮਜ਼ਬੂਤ ਬਣਿਆ ਰਹੇਗਾ। -ਪੀਟੀਆਈ