ਨਵੀਂ ਦਿੱਲੀ, 28 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਯੂਕਰੇਨ ਵਿੱਚ ਫਸੇ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੀ ਸਰਕਾਰੀ ਮਸ਼ੀਨਰੀ 24 ਘੰਟੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਪੂਰਬੀ ਯੂਰੋਪੀਅਨ ਮੁਲਕ ਵਿੱਚ ਫਸੇ ਗੁਆਂਢੀ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਲੋਕਾਂ ਦੀ ਮਦਦ ਵੀ ਕਰੇਗਾ। ਵਿਦੇਸ਼ ਮੰਤਰਾਲੇ ਅਨੁਸਾਰ, ਪ੍ਰਧਾਨ ਮੰਤਰੀ ਨੇ ਇਹ ਟਿੱਪਣੀ ਆਪਣੀ ਦਿਨ ਦੀ ਦੂਜੀ ਉੱਚ ਪੱਧਰੀ ਮੀਟਿੰਗ ਵਿੱਚ ਕੀਤੀ। ਇਹ ਮੀਟਿੰਗ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ “ਆਪ੍ਰੇਸ਼ਨ ਗੰਗਾ” ਤਹਿਤ ਚੱਲ ਰਹੀਆਂ ਕੋਸ਼ਿਸ਼ਾਂ ਦੀ ਸਮੀਖਿਆ ਕਰਨ ਲਈ ਕੀਤੀ ਸੀ। ਸਰਕਾਰ ਨੇ ਕੇਂਦਰੀ ਮੰਤਰੀਆਂ ਹਰਦੀਪ ਪੁਰੀ, ਜਯੋਤਿਰਦਿੱਤਿਆ ਸਿੰਧੀਆ, ਕਿਰਨ ਰਿਜਿਜੂ ਅਤੇ ਜਨਰਲ (ਸੇਵਾਮੁਕਤ) ਵੀ ਕੇ ਸਿੰਘ ਨੂੰ ਭਾਰਤੀਆਂ ਨੂੰ ਕੱਢਣ ਲਈ ਪੋਲੈਂਡ, ਰੋਮਾਨੀਆ, ਹੰਗਰੀ, ਸਲੋਵਾਕੀਆ ਅਤੇ ਮੋਲਡੋਵਾ ਭੇਜਣ ਦਾ ਫੈਸਲਾ ਵੀ ਕੀਤਾ ਹੈ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਯੂਕਰੇਨ ਦੇ ਸਰਹੱਦੀ ਇਲਾਕਿਆਂ ਵਿੱਚ ਫਸੇ ਲੋਕਾਂ ਦੀ ਮਦਦ ਲਈ ਰਾਹਤ ਸਪਲਾਈ ਦੀ ਪਹਿਲੀ ਖੇਪ ਮੰਗਲਵਾਰ ਨੂੰ ਰਵਾਨਾ ਕੀਤੀ ਜਾਵੇਗੀ।-ਏਜੰਸੀ