ਸੰਦੀਪ ਦੀਕਸ਼ਤ
ਨਵੀਂ ਦਿੱਲੀ, 3 ਸਤੰਬਰ
ਰੂਸ ਦੇ ਤੇਲ ਨੂੰ ਲੈ ਕੇ ਚੀਨ ਦੇ ਨਾਲ ਨਾਲ ਭਾਰਤ ਵੀ ਪੱਛਮੀ ਮੁਲਕਾਂ ਦੀਆਂ ਨਜ਼ਰਾਂ ਵਿੱਚ ਆ ਗਿਆ ਹੈ ਕਿਉਂਕਿ ਮਾਸਕੋ ਨੂੰ ਭਰੋਸਾ ਹੈ ਕਿ ਉਹ ਰੂਸ ਖ਼ਿਲਾਫ਼ ਪਾਬੰਦੀਆਂ ਵਿੱਚ ਸ਼ਾਮਲ ਨਹੀਂ ਹੋਵੇਗਾ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ, ‘‘ਮੇਰੇ ਸਹਿਯੋਗੀ ਐੱਸ. ਜੈਸ਼ੰਕਰ ਸਣੇ ਭਾਰਤੀ ਆਗੂਆਂ ਨੇ ਰੂਸੀ ਊਰਜਾ ਖ਼ਰੀਦਣ ’ਤੇ ਲਗਾਈਆਂ ਪਾਬੰਦੀਆਂ ਵਿੱਚ ਉਨ੍ਹਾਂ ਨੂੰ ਸ਼ਾਮਲ ਕਰਨ ਦੀਆਂ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਜਨਤਕ ਤੌਰ ’ਤੇ ਰੱਦ ਕੀਤਾ ਹੈ। ਉਨ੍ਹਾਂ ਨੇ ਸਾਫ਼ ਕਰ ਦਿੱਤਾ ਕਿ ਉਹ ਆਪਣੇ ਹਿੱਤਾਂ ਦਾ ਪਾਲਣ ਕਰਨਗੇ।’’
ਸੰਯੁਕਤ ਰਾਸ਼ਟਰ ਮਹਾ ਸਭਾ ਮੌਕੇ ਵੱਖਰੇ ਤੌਰ ’ਤੇ ਦੋਵਾਂ ਮੰਤਰੀਆਂ ਦੀ ਮੁਲਾਕਾਤ ਕਰਨ ਦਾ ਪ੍ਰੋਗਰਾਮ ਸੀ, ਪਰ ਅਮਰੀਕਾ ਨੇ ਲਾਵਰੋਵ ਦੀ ਅਗਵਾਈ ਵਾਲੇ 56 ਮੈਂਬਰੀ ਰੂਸੀ ਵਫ਼ਦ ਨੂੰ ਵੀਜ਼ਾ ਜਾਰੀ ਨਹੀਂ ਕੀਤਾ। ਜੀ-7 ਦੇਸ਼ਾਂ ਨੇ ਬੀਤੇ ਦਿਨੀਂ 15 ਦਸੰਬਰ ਤੋਂ ਰੂਸੀ ਤੇਲ ਕਟੌਤੀ ਸਬੰਧੀ ਪਾਬੰਦੀਆਂ ਬਾਰੇ ਸਹਿਮਤੀ ਜਤਾਈ ਹੈ। ਇਸ ਤਰ੍ਹਾਂ ਪੱਛਮੀ ਮੁਲਕਾਂ ਦੀ ਮਾਸਕੋ ਖ਼ਿਲਾਫ਼ ਆਰਥਿਕ ਲੜਾਈ ਇੱਕ ਫ਼ੈਸਲਾਕੁਨ ਮੋੜ ’ਤੇ ਪਹੁੰਚ ਗਈ ਹੈ।