ਵਾਸ਼ਿੰਗਟਨ, 15 ਅਪਰੈਲ
ਚੀਨ ਨੂੰ ਸਖ਼ਤ ਸੁਨੇਹਾ ਦਿੰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਕੋਈ ਨੁਕਸਾਨ ਪਹੁੰਚਾਏਗਾ ਤਾਂ ਭਾਰਤ ਕਿਸੇ ਨੂੰ ਵੀ ਬਖ਼ਸ਼ੇਗਾ ਨਹੀਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਇਕ ਤਾਕਤਵਰ ਮੁਲਕ ਬਣ ਕੇ ਉਭਰਿਆ ਹੈ ਅਤੇ ਉਹ ਦੁਨੀਆ ਦੇ ਤਿੰਨ ਸਿਖਰਲੇ ਅਰਥਚਾਰਿਆਂ ’ਚ ਸ਼ੁਮਾਰ ਹੋਣ ਵੱਲ ਅੱਗੇ ਵਧ ਰਿਹਾ ਹੈ। ਸਾਂ ਫਰਾਂਸਿਸਕੋ ’ਚ ਵੀਰਵਾਰ ਨੂੰ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਅਮਰੀਕਾ ਨੂੰ ਵੀ ਸੁਨੇਹਾ ਦਿੱਤਾ ਕਿ ਨਵੀਂ ਦਿੱਲੀ ‘ਜ਼ੀਰੋ-ਸਮ ਗੇਮ’ ਦੀ ਕੂਟਨੀਤੀ ’ਚ ਵਿਸ਼ਵਾਸ ਨਹੀਂ ਰਖਦਾ ਹੈ ਅਤੇ ਕਿਸੇ ਇਕ ਮੁਲਕ ਨਾਲ ਉਸ ਦੇ ਸਬੰਧ ਦੂਜੇ ਦੇਸ਼ ਦੀ ਕੀਮਤ ’ਤੇ ਨਹੀਂ ਹੋ ਸਕਦੇ। ‘ਜ਼ੀਰੋ-ਸਮ ਗੇਮ’ ਉਸ ਹਾਲਤ ਨੂੰ ਕਿਹਾ ਜਾਂਦਾ ਹੈ ਜਿਸ ’ਚ ਇਕ ਧਿਰ ਨੂੰ ਹੋਏ ਨੁਕਸਾਨ ਦੇ ਬਰਾਬਰ ਦੂਜੀ ਨੂੰ ਲਾਭ ਹੁੰਦਾ ਹੈ। ਰੱਖਿਆ ਮੰਤਰੀ ਭਾਰਤ ਅਤੇ ਅਮਰੀਕਾ ਵਿਚਕਾਰ ਵਾਸ਼ਿੰਗਟਨ ਡੀਸੀ ’ਚ 2+2 ਮੰਤਰੀ ਪੱਧਰ ਦੀ ਮੀਟਿੰਗ ’ਚ ਹਿੱਸਾ ਲੈਣ ਲਈ ਇਥੇ ਆਏ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਹਵਾਈ ਅਤੇ ਫਿਰ ਸਾਂ ਫਰਾਂਸਿਸਕੋ ਦੀ ਯਾਤਰਾ ਵੀ ਕੀਤੀ ਸੀ। ਸਾਂ ਫਰਾਂਸਿਸਕੋ ’ਚ ਭਾਰਤੀ ਕੌਂਸੁਲੇਟ ਵੱਲੋਂ ਉਨ੍ਹਾਂ ਦੇ ਸਨਮਾਨ ’ਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਚੀਨ ਨਾਲ ਸਰਹੱਦ ’ਤੇ ਭਾਰਤੀ ਫ਼ੌਜੀਆਂ ਵੱਲੋਂ ਦਿਖਾਈ ਗਈ ਬਹਾਦਰੀ ਦਾ ਜ਼ਿਕਰ ਕੀਤਾ। ਰੱਖਿਆ ਮੰਤਰੀ ਨੇ ਕਿਹਾ,‘‘ਮੈਂ ਸ਼ਰੇਆਮ ਤਾਂ ਇਹ ਨਹੀਂ ਆਖ ਸਕਦਾ ਕਿ ਉਨ੍ਹਾਂ (ਭਾਰਤੀ ਫ਼ੌਜੀਆਂ ਨੇ) ਕੀ ਕੀਤਾ ਅਤੇ ਅਸੀਂ (ਸਰਕਾਰ ਨੇ) ਕੀ ਫ਼ੈਸਲੇ ਲਏ। ਪਰ ਮੈਂ ਯਕੀਨੀ ਤੌਰ ’ਤੇ ਆਖ ਸਕਦਾ ਹਾਂ ਕਿ (ਚੀਨ ਨੂੰ) ਇਕ ਸੁਨੇਹਾ ਗਿਆ ਹੈ ਭਾਰਤ ਨੂੰ ਜੇਕਰ ਕੋਈ ਛੇੜੇਗਾ ਤਾਂ ਭਾਰਤ ਛੱਡੇਗਾ ਨਹੀਂ।’’ ਯੂਕਰੇਨ ਜੰਗ ਕਾਰਨ ਰੂਸ ਦੇ ਸਬੰਧ ’ਚ ਅਮਰੀਕੀ ਦਬਾਅ ਦਾ ਸਿੱਧਿਆਂ ਜ਼ਿਕਰ ਕੀਤੇ ਬਿਨਾਂ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨੇ ਕਦੇ ਵੀ ‘ਜ਼ੀਰੋ-ਸਮ ਗੇਮ’ ਦੀ ਕੂਟਨੀਤੀ ਨਹੀਂ ਅਪਣਾਈ ਹੈ। ਉਨ੍ਹਾਂ ਕਿਹਾ ਕਿ ਭਾਰਤ ਅਜਿਹੇ ਦੁਵੱਲੇ ਸਬੰਧ ਬਣਾਉਣ ’ਚ ਵਿਸ਼ਵਾਸ ਕਰਦਾ ਹੈ ਜਿਸ ਨਾਲ ਦੋਵੇਂ ਮੁਲਕਾਂ ਨੂੰ ਲਾਭ ਹੋਵੇ। ਰਾਜਨਾਥ ਨੇ ਕਿਹਾ ਕਿ ਭਾਰਤ ਦੀ ਦਿਖ ਬਦਲ ਗਈ ਹੈ ਅਤੇ ਮੁਲਕ ਦਾ ਸਨਮਾਨ ਵਧਿਆ ਹੈ। ਉਨ੍ਹਾਂ ਕਿਹਾ,‘‘ਅਸੀਂ 2047 ’ਚ ਆਪਣਾ 100ਵਾਂ ਆਜ਼ਾਦੀ ਦਿਹਾੜਾ ਮਨਾਉਣ ਦੇ ਸਮੇਂ ਤੱਕ ਭਾਰਤ ’ਚ ਇਕ ਸਮਾਨ ਈਕੋ ਸਿਸਟਮ ਬਣਾਉਣ ਦਾ ਟੀਚਾ ਰਖਣਾ ਚਾਹੀਦਾ ਹੈ।’’ ਰੱਖਿਆ ਮੰਤਰੀ ਨੇ ਕਿਹਾ ਕਿ 2013 ’ਚ ਅਮਰੀਕਾ ਦੀ ਆਪਣੀ ਯਾਤਰਾ ਦੌਰਾਨ ਨਿਊਜਰਸੀ ’ਚ ਇਕ ਸਵਾਗਤ ਸਮਾਗਮ ਦੌਰਾਨ ਉਨ੍ਹਾਂ ਭਾਰਤੀ-ਅਮਰੀਕੀਆਂ ਦੇ ਇਕ ਗਰੁੱਪ ਨੂੰ ਕਿਹਾ ਸੀ ਕਿ ਭਾਰਤ ਦੀ ਸਫ਼ਲਤਾ ਦੀ ਕਹਾਣੀ ਖ਼ਤਮ ਨਹੀਂ ਹੋਈ ਹੈ, ਇਹ ਭਾਜਪਾ ਦੇ ਸੱਤਾ ’ਚ ਆਉਣ ਦੀ ਉਡੀਕ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਪਿਛਲੇ 8 ਸਾਲਾਂ ’ਚ ਨਰਿੰਦਰ ਮੋਦੀ ਸਰਕਾਰ ਨੇ ਮੁਲਕ ਨੂੰ ‘ਬਦਲ ਦਿੱਤਾ’ ਅਤੇ ਆਲਮੀ ਪੱਧਰ ’ਤੇ ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਭਾਰਤ ਹੁਣ ਇਕ ਕਮਜ਼ੋਰ ਮੁਲਕ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰੱਖਿਆ ਖੇਤਰ ਦੇ ਸਵਦੇਸ਼ੀਕਰਨ ਪ੍ਰਤੀ ਕਈ ਕਦਮ ਉਠਾਏ ਹਨ। -ਪੀਟੀਆਈ