ਨਵੀਂ ਦਿੱਲੀ, 28 ਜੂਨ
ਜਪਾਨ ਤੇ ਚੀਨੀ ਤੈਪਈ ਵੱਲੋਂ ਵਿਸ਼ਵ ਵਪਾਰ ਸੰਸਥਾ (ਡਬਲਿਊਟੀਓ) ਵਿੱਚ ਝਗੜਾ ਨਬਿੇੜਾ ਕਮੇਟੀ ਦੇ ਗਠਨ ਦੀ ਮੰਗ ਕਰਦੀ ਅਪੀਲ ਦਾ ਭਾਰਤ ਵਿਰੋਧ ਕਰੇਗਾ। ਇਕ ਅਧਿਕਾਰੀ ਨੇ ਕਿਹਾ ਕਿ ਜਪਾਨ ਤੇ ਤੈਪਈ ਨੇ ਨਵੀਂ ਦਿੱਲੀ ਵੱਲੋਂ ਕੁਝ ਸੂਚਨਾ ਤੇ ਸੰਚਾਰ ਤਕਨੀਕਾਂ (ਆਈਸੀਟੀ) ’ਤੇ ਲਾਈ ਦਰਾਮਦ ਡਿਊਟੀ ਦਾ ਵਿਰੋਧ ਕਰਦਿਆਂ ਊਪਰੋਕਤ ਕਮੇਟੀ ਦੀ ਸਥਾਪਨਾ ਲਈ ਡਬਲਿਊਟੀਓ ਤਕ ਰਸਾਈ ਕੀਤੀ ਹੈ। ਦੋਵਾਂ ਮੁਲਕਾਂ ਦੀ ਅਪੀਲ ’ਤੇ ਹੁਣ ਸੋਮਵਾਰ ਨੂੰ ਜਨੇਵਾ ਵਿੱਚ ਹੋਣ ਵਾਲੀ ਤਜਵੀਜ਼ਤ ਮੀਟਿੰਗ ’ਚ ਸੁਣਵਾਈ ਹੋਵੇਗੀ। ਅਧਿਕਾਰੀ ਨੇ ਕਿਹਾ ਉਹ ਇਸ ਪੇਸ਼ਕਦਮੀ ਦਾ ਵਿਰੋਧ ਕਰਨਗੇ। ਵਣਜ ਨਾਲ ਜੁੜੇ ਝਗੜੇ ਦੇ ਨਬਿੇੜੇ ਲਈ ਬਣੇ ਨੇਮਾਂ ਮੁਤਾਬਕ ਜੇਕਰ ਦੋਵੇਂ ਮੁਲਕ ਦੂਜੀ ਵਾਰ ਅਪੀਲ ਕਰਦੇ ਹਨ, ਤਾਂ ਊਸ ਸਥਿਤੀ ਵਿੱਚ ਪੈਨਲ/ਕਮੇਟੀ ਗਠਿਤ ਕੀਤੀ ਜਾ ਸਕਦੀ ਹੈ। ਪਿਛਲੇ ਸਾਲ ਮਈ ਵਿੱਚ ਜਪਾਨ ਤੇ ਤੈਪਈ ਨੇ ਭਾਰਤ ਵੱਲੋਂ ਲਾਈ ਦਰਾਮਦ ਡਿਊਟੀ ਖ਼ਿਲਾਫ਼ ਵਿਸ਼ਵ ਵਪਾਰ ਸੰਸਥਾ ਨੂੰ ਸ਼ਿਕਾਇਤ ਕੀਤੀ ਸੀ। –ਪੀਟੀਆਈ