ਵਾਸ਼ਿੰਗਟਨ, 19 ਅਪਰੈਲ
ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਨੇ ਮੰਗਲਵਾਰ ਨੂੰ 2022 ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ 8.2 ਫੀਸਦੀ ਰਹਿਣ ਦਾ ਅਨੁਮਾਨ ਲਾਇਆ ਹੈ। ਇਸ ਤਹਿਤ ਭਾਰਤ ਤੇਜ਼ੀ ਨਾਲ ਵਧਣ ਵਾਲਾ ਵੱਡਾ ਅਰਥਚਾਰਾ ਹੋਵੇਗਾ। ਭਾਰਤ ਦੀ ਵਿਕਾਸ ਦਰ ਚੀਨ ਦੀ 4.4 ਫੀਸਦੀ ਦੇ ਵਾਧੇ ਦੀ ਤੁਲਨਾ ਵਿੱਚ ਲਗਪਗ ਦੁੱਗਣੀ ਹੋਵੇਗੀ। ਹਾਲਾਂਕਿ ਆਈਐਮਐਫ ਦਾ ਇਹ ਅਨੁਮਾਨ ਬੀਤੇ ਵਰ੍ਹੇ ਕਿਆਸੀ ਗਈ ਵਿਕਾਸ ਦਰ ਤੋਂ 0.8 ਫੀਸਦੀ ਘੱਟ ਹੈ। ਮੁਦਰਾ ਕੋਸ਼ ਨੇ ਇਥੇ ਸਾਲਾਨਾ ਵਿਸ਼ਵ ਆਰਥਿਕ ਪਰਿਪੇਖ਼ ਰਿਪੋਰਟ ਵਿੱਚ ਕਿਹਾ ਹੈ ਕਿ ਦੁਨਿਆਵੀ ਵਿਕਾਸ ਦਰ ਚਾਲੂ ਵਰ੍ਹੇ ਵਿੱਚ 3.6 ਫੀਸਦੀ ਰਹਿਣ ਦਾ ਅਨੁਮਾਨ ਹੈ। ਇਹ 2021 ਦੇ 6.1 ਫੀਸਦੀ ਦੇ ਮੁਕਾਬਲੇ ਕਾਫ਼ੀ ਘੱਟ ਹੈ। ਰਿਪੋਰਟ ਅਨੁਸਾਰ ਭਾਰਤ ਦੀ ਆਰਥਿਕ ਵਿਕਾਸ ਦਰ 2021 ਵਿੱਚ 8.9 ਫੀਸਦੀ ਸੀ, ਜਦੋਂ ਕਿ 2023 ਵਿੱਚ ਇਸ ਦੇ 6.9 ਫੀਸਦੀ ਰਹਿਣ ਦੀ ਸੰਭਾਵਨਾ ਹੈ। ਸਾਲ 2023 ਦੀ ਆਰਥਿਕ ਵਿਕਾਸ ਦਰ ਘੱਟ ਰਹਿਣ ਦੇ ਅਨੁਮਾਨ ਦਾ ਮੁੱਖ ਕਾਰਨ ਯੂਕਰੇਨ ਜੰਗ ਹੈ। ਇਸ ਕਾਰਨ ਤੇਲ ਅਤੇ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧੀਆਂ ਹਨ ਅਤੇ ਵਿਕਾਸ ਦੀ ਗਤੀ ਧੀਮੀ ਹੋਈ ਹੈ। -ਏਜੰਸੀ