ਨਵੀਂ ਦਿੱਲੀ: ਭਾਰਤ ਦੀ ਵਿਕਾਸ ਦਰ ਸਾਲ 2021-22 ਦੌਰਾਨ 8.7 ਫੀਸਦੀ ਦਰਜ ਕੀਤੀ ਗਈ। ਸਰਕਾਰ ਵਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਦੀ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਪਿਛਲੇ ਵਿੱਤੀ ਸਾਲ ਵਿੱਚ 6.6 ਫੀਸਦੀ ਸੀ ਜੋ ਇਸ ਵਾਰ ਵਧ ਕੇ 8.7 ਫੀਸਦੀ ਹੋ ਗਈ। ਚੌਥੀ ਤਿਮਾਹੀ ਜਨਵਰੀ-ਮਾਰਚ 2021-22 ਦੀ ਕੁੱਲ ਘਰੇਲੂ ਪੈਦਾਵਾਰ 4.1 ਫੀਸਦੀ ਦਰਜ ਕੀਤੀ ਗਈ। ਉਂਜ ਭਾਰਤ ਦੀ ਪੂਰੇ ਵਿੱਤੀ ਸਾਲ ਦੀ ਜੀਡੀਪੀ 8.7 ਫੀਸਦੀ ਦਰਜ ਕੀਤੀ ਗਈ। ਪਿਛਲੇ ਸਾਲ ਅਕਤੂਬਰ-ਦਸੰਬਰ ਦੀ ਤਿਮਾਹੀ ’ਚ ਵਿਕਾਸ ਦਰ 5.4 ਫੀਸਦੀ ਸੀ ਜਦਕਿ ਜਨਵਰੀ-ਮਾਰਚ 2021 ਦੌਰਾਨ ਵਿਕਾਸ ਦਰ 2.5 ਫੀਸਦੀ ਸੀ। ਇਸ ਤੋਂ ਪਹਿਲਾਂ ਵਿੱਤੀ ਸਾਲ 2020-21 ’ਚ ਜੀਡੀਪੀ 6.6 ਫੀਸਦੀ ਸੀ। ਹਾਲਾਂਕਿ ਮਾਰਚ 2022 ਨੂੰ ਖਤਮ ਹੋਏ ਵਿੱਤੀ ਸਾਲ ਲਈ ਕੌਮੀ ਅੰਕੜਾ ਵਿਭਾਗ ਵਲੋਂ ਜਾਰੀ ਅੰਕੜੇ ਆਸ ਨਾਲੋਂ ਘੱਟ ਰਹੇ। ਕੌਮੀ ਅੰਕੜਾ ਵਿਭਾਗ ਨੇ ਵਿਕਾਸ ਦਰ 8.9 ਫੀਸਦੀ ਰਹਿਣ ਦਾ ਪੇਸ਼ੀਨਗੋਈ ਕੀਤੀ ਸੀ। ਇਹ ਅੰਕੜੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅਨੁਮਾਨਾਂ ਨਾਲੋਂ ਬਹੁਤ ਘੱਟ ਹਨ। ਮੁੱਖ ਆਰਥਿਕ ਸਲਾਹਕਾਰ ਅਨੰਤ ਨਾਗੇਸ਼ਵਰਨ ਨੇ ਕਿਹਾ ਕਿ ਜਨਵਰੀ ਦੇ ਅੰਕੜੇ ਓਮੀਕਰੋਨ ਦੇ ਬਾਵਜੂਦ ਉਮੀਦ ਨਾਲੋਂ ਬਹੁਤ ਵਧੀਆ ਆਏ ਸਨ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਜੋ ਹੋ ਰਿਹਾ ਹੈ ਉਸ ਨਾਲ ਭਾਰਤ ’ਤੇ ਵੀ ਅਸਰ ਪਵੇਗਾ। ਤੇਲ ਪਦਾਰਥਾਂ ਦੀਆਂ ਕੀਮਤਾਂ ਵਧਣ ਕਾਰਨ ਵੀ ਮਹਿੰਗਾਈ ਦਰ ਕਾਫੀ ਵਧੀ ਪਰ ਭਾਰਤ ਲਈ ਮੁਦਰਾਸਫੀਤੀ ਦੇ ਜੋਖਮ ਬਾਕੀ ਦੇਸ਼ਾਂ ਨਾਲੋਂ ਕਾਫ਼ੀ ਘੱਟ ਹਨ। -ਏਜੰਸੀ