ਬਰਮਿੰਘਮ, 2 ਅਗਸਤ
ਇਥੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਹਰਜਿੰਦਰ ਕੌਰ ਨੇ ਔਰਤਾਂ ਦੇ 71 ਕਿਲੋ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਹਰਜਿੰਦਰ ਨੇ ਕੁੱਲ 212 (ਸਨੈਚ ਵਿੱਚ 93 ਅਤੇ ਕਲੀਨ ਐਂਡ ਜਰਕ ਵਿੱਚ 119) ਭਾਰ ਚੁੱਕਿਆ।
ਪੰਜਾਬ ਸਰਕਾਰ ਵੱਲੋਂ ਹਰਜਿੰਦਰ ਨੂੰ 40 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ
ਚੰਡੀਗੜ੍ਹ(ਆਤਿਸ਼ ਗੁਪਤਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਵੇਟਲਿਫਟਰ ਹਰਜਿੰਦਰ ਕੌਰ ਲਈ 40 ਲੱਖ ਰੁਪਏ ਦੇ ਨਗਦ ਇਨਾਮ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਹਰਜਿੰਦਰ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਾਭਾ ਨੇੜਲੇ ਪਿੰਡ ਮੈਹਸ ਦੀ ਉਭਰਦੀ ਖਿਡਾਰਨ ਨੇ ਇਸ ਵਿਲੱਖਣ ਪ੍ਰਾਪਤੀ ਨਾਲ ਮੁਲਕ ਦਾ ਨਾਂ ਰੌਸ਼ਨ ਕੀਤਾ ਹੈ।