ਗਾਂਧੀਨਗਰ, 19 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਫ਼ੌਜ ਵੱਲੋਂ ਦੇਸ਼ ’ਚ ਬਣਿਆ ਜ਼ਿਆਦਾਤਰ ਸਾਜ਼ੋ-ਸਾਮਾਨ ਖ਼ਰੀਦਣ ਦੇ ਫ਼ੈਸਲੇ ਨਾਲ ਆਤਮ-ਨਿਰਭਰ ਭਾਰਤ ਦੀ ਸਮਰੱਥਾ ਦਿਖਾਈ ਦਿੰਦੀ ਹੇ। ਉਨ੍ਹਾਂ ਕਿਹਾ ਕਿ ਰੱਖਿਆ ਖੇਤਰ ’ਚ ਆਲਮੀ ਪੱਧਰ ’ਤੇ ਕੁਝ ਉਤਪਾਦਕ ਕੰਪਨੀਆਂ ਦੀ ਅਜ਼ਾਰੇਦਾਰੀ ਦੇ ਬਾਵਜੂਦ ਮੁਲਕ ਨੇ ਆਪਣਾ ਸਥਾਨ ਬਣਾਇਆ ਹੈ। ਰੱਖਿਆ ਪ੍ਰਦਰਸ਼ਨੀ 2022 ਦਾ ਉਦਘਾਟਨ ਕਰਨ ਮਗਰੋਂ ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਲਕ ’ਚੋਂ ਰੱਖਿਆ ਬਰਾਮਦਗੀ ਸਾਲ 2021-22 ’ਚ ਕਰੀਬ 13 ਹਜ਼ਾਰ ਕਰੋੜ ਰੁਪਏ ’ਤੇ ਪਹੁੰਚ ਗਈ ਅਤੇ ਸਰਕਾਰ ਨੇ ਆਉਂਦੇ ਸਮੇਂ ’ਚ ਇਹ 40 ਹਜ਼ਾਰ ਕਰੋੜ ਰੁਪਏ ਕਰਨ ਦਾ ਟੀਚਾ ਰੱਖਿਆ ਹੈ। ਪ੍ਰਦਰਸ਼ਨੀ ਦੌਰਾਨ ਉਨ੍ਹਾਂ ਭਾਰਤ-ਪਾਕਿਸਤਾਨ ਸਰਹੱਦ ਨੇੜੇ ਉੱਤਰੀ ਗੁਜਰਾਤ ਦੇ ਬਨਾਸਕਾਂਠਾ ਦੇ ਦੀਸਾ ’ਚ ਨਵੇਂ ਏਅਰਬੇਸ ਦਾ ਨੀਂਹ ਪੱਥਰ ਰੱਖਿਆ ਅਤੇ ਕਿਹਾ ਕਿ ਇਹ ਦੇਸ਼ ਦੀ ਸੁਰੱਖਿਆ ਲਈ ਢੁੱਕਵੇਂ ਕੇਂਦਰ ਵਜੋਂ ਉਭਰੇਗਾ। ਸ੍ਰੀ ਮੋਦੀ ਨੇ ਕਿਹਾ,‘‘ਪਹਿਲਾਂ ਦੇਸ਼ ਕਬੂਤਰ ਉਡਾਇਆ ਕਰਦਾ ਸੀ ਪਰ ਹੁਣ ਅਸੀਂ ਚੀਤੇ ਛੱਡਦੇ ਹਾਂ।’’ ਉਨ੍ਹਾਂ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਅਤੇ ਪੁਲਾੜ ਤਕਨਾਲੋਜੀ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਅਫ਼ਰੀਕਾ ਨਾਲ ਮੁਲਕ ਦੇ ਸਬੰਧਾਂ ਬਾਰੇ ਵੀ ਗੱਲਬਾਤ ਕੀਤੀ। ਅਫ਼ਰੀਕਾ ਅਤੇ ਗੁਜਰਾਤ ਵਿਚਕਾਰ ਪੁਰਾਣੇ ਸਬੰਧਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਅਫ਼ਰੀਕਾ ’ਚ ਪਹਿਲੀ ਰੇਲਵੇ ਲਾਈਨ ਕੱਛ ਤੋਂ ਗਏ ਲੋਕਾਂ ਦੀ ਸਹਾਇਤਾ ਨਾਲ ਬਣੀ ਸੀ। ਪ੍ਰਦਰਸ਼ਨੀ ’ਚ ਭਾਰਤੀ ਰੱਖਿਆ ਸਨਅਤਾਂ ਸਮੇਤ 1300 ਜ਼ਿਆਦਾ ਕੰਪਨੀਆਂ ਹਿੱਸਾ ਲੈ ਰਹੀਆਂ ਹਨ। -ਪੀਟੀਆਈ
ਨਵੀਂ ਸਿੱਖਿਆ ਨੀਤੀ ਦੇਸ਼ ਨੂੰ ਅੰਗਰੇਜ਼ੀ ਦੀ ਗੁਲਾਮ ਮਾਨਸਿਕਤਾ ’ਚੋਂ ਕੱਢੇਗੀ: ਮੋਦੀ
ਅਦਾਲਜ (ਗੁਜਰਾਤ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 5ਜੀ ਟੈਲੀਕਾਮ ਸੇਵਾ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਅਗਲੇ ਪੱਧਰ ’ਤੇ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨਾਲੋਜੀ ਸਮਾਰਟ ਸਹੂਲਤਾਂ, ਸਮਾਰਟ ਜਮਾਤਾਂ ਅਤੇ ਸਮਾਰਟ ਅਧਿਆਪਨ ਤੋਂ ਵੀ ਅਗਾਂਹ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਸਿੱਖਿਆ ਨੀਤੀ ਦੇਸ਼ ਨੂੰ ਅੰਗਰੇਜ਼ੀ ਦੀ ਗੁਲਾਮ ਮਾਨਸਿਕਤਾ ’ਚੋਂ ਕੱਢਣ ’ਚ ਸਹਾਈ ਹੋਵੇਗੀ। ਗਾਂਧੀਨਗਰ ਜ਼ਿਲ੍ਹੇ ਦੇ ਅਦਾਲਜ ਕਸਬੇ ’ਚ ਗੁਜਰਾਤ ਸਰਕਾਰ ਦੇ ਮਿਸ਼ਨ ਸਕੂਲਜ਼ ਆਫ਼ ਐਕਸੀਲੈਂਸ ਮੁਹਿੰਮ ਦਾ ਆਗਾਜ਼ ਕਰਨ ਮਗਰੋਂ ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਿਸ਼ਨ ਨਾਲ ਸੂਬੇ ’ਚ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ’ਚ ਸਹਾਇਤਾ ਮਿਲੇਗੀ। ਉਨ੍ਹਾਂ ਸਥਾਨਕ ਭਾਸ਼ਾਵਾਂ ਦੀ ਵਰਤੋਂ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਹੜੇ ਅੰਗਰੇਜ਼ੀ ’ਚ ਕਮਜ਼ੋਰ ਹਨ, ਉਹ ਪਿੱਛੇ ਨਾ ਰਹਿ ਜਾਣ, ਇਸ ਲਈ ਸਥਾਨਕ ਭਾਸ਼ਾਵਾਂ ਨੂੰ ਮਜ਼ਬੂਤ ਕੀਤਾ ਜਾਵੇ। ਆਪਣੇ ਭਾਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕੁਝ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਜਿਨ੍ਹਾਂ ਨੂੰ ਉਨ੍ਹਾਂ ਦੀ ਹਾਜ਼ਰੀ ’ਚ ਕੁਝ ਸਾਲ ਪਹਿਲਾਂ ਪਹਿਲੀ ਜਮਾਤ ’ਚ ਦਾਖ਼ਲ ਕੀਤਾ ਗਿਆ ਸੀ। -ਪੀਟੀਆਈ
ਗੁਜਰਾਤ ਦਾ ਅਪਮਾਨ ਕਰਨ ਵਾਲਿਆਂ ਨੂੰ ਲੋਕ ਸਬਕ ਸਿਖਾਉਣ: ਪ੍ਰਧਾਨ ਮੰਤਰੀ
ਜੂਨਾਗੜ੍ਹ: ਸੌਰਾਸ਼ਟਰ ਖ਼ਿੱਤੇ ’ਚ 4155 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਆਗਾਜ਼ ਕਰਨ ਮਗਰੋਂ ਜੂਨਾਗੜ੍ਹ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਕਿਹਾ ਕਿ ਉਹ ਗੁਜਰਾਤ ਨੂੰ ਗਾਲ੍ਹਾਂ ਕੱਢਣ ਅਤੇ ਅਪਮਾਨ ਕਰਨ ਵਾਲਿਆਂ ਨੂੰ ਸਬਕ ਸਿਖਾਉਣ। ਕਿਸੇ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਨਿਰਾਸ਼ਾਵਾਦੀ ਅਤੇ ਝੂਠ ਫੈਲਾਉਣ ਵਾਲੇ ਲੋਕਾਂ ਤੋਂ ਉਹ ਦੂਰ ਰਹਿਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਭਾਰਤੀ ਸਫ਼ਲਤਾ ਹਾਸਲ ਕਰਦਾ ਹੈ ਤਾਂ ਸਾਰਿਆਂ ਨੂੰ ਮਾਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੁਝ ਪਾਰਟੀਆਂ ਸਮਝਦੀਆਂ ਹਨ ਕਿ ਉਨ੍ਹਾਂ ਦੀ ਵਿਚਾਰਧਾਰਾ ਉਦੋਂ ਤੱਕ ਅਧੂਰੀ ਹੈ ਜਦੋਂ ਤੱਕ ਕਿ ਉਹ ਗੁਜਰਾਤ ਅਤੇ ਗੁਜਰਾਤੀ ਲੋਕਾਂ ਨੂੰ ਗਾਲ੍ਹਾਂ ਨਹੀਂ ਕੱਢ ਲੈਂਦੇ। -ਪੀਟੀਆਈ