ਨਵੀਂ ਦਿੱਲੀ, 27 ਜੂਨ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਇੱਥੇ ਕਿਹਾ ਕਿ ਭਾਰਤ ਦਾ ਸੜਕੀ ਨੈਟਵਰਕ 59 ਫੀਸਦ ਵਧਿਆ ਹੈ ਜੋ ਵਿਸ਼ਵ ਭਰ ਵਿੱਚੋਂ ਦੂਜੇ ਨੰਬਰ ’ਤੇ ਹੈ। ਇਹ ਕੇਂਦਰ ਸਰਕਾਰ ਵੱਲੋਂ ਨੌਂ ਸਾਲਾਂ ਵਿੱਚ ਕਰਵਾਏ ਗਏ ਵਿਕਾਸ ਕੰਮਾਂ ਸਦਕਾ ਸੰਭਵ ਹੋ ਸਕਿਆ ਹੈ। ਸੜਕ, ਟਰਾਂਸਪੋਰਟ ਤੇ ਹਾਈਵੇਅਜ਼ ਮੰਤਰੀ ਨੇ ਕਿਹਾ ਕਿ ਭਾਰਤ ਦਾ ਸੜਕੀ ਨੈੱਟਵਰਕ ਅੱਜ 1,45,240 ਕਿਲੋਮੀਟਰ ਹੋ ਚੁੱਕਿਆ ਹੈ ਜੋ 2013-14 ਵਿੱਚ 91,287 ਕਿਲੋਮੀਟਰ ਸੀ। ਗਡਕਰੀ ਇੱਥੇ ਸਰਕਾਰ ਦੀਆਂ ਨੌਂ ਸਾਲਾਂ ਦੀਆਂ ਪ੍ਰਾਪਤੀਆਂ ਸਬੰਧੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨੌਂ ਵਰ੍ਹਿਆਂ ਵਿੱਚ ਭਾਰਤ ਨੇ ਇਸ ਖੇਤਰ ਵਿੱਚ ਸੱਤ ਵਿਸ਼ਵ ਰਿਕਾਰਡ ਬਣਾਏ ਹਨ। ਵਿਸ਼ਵ ਭਰ ਵਿੱਚ ਅਮਰੀਕਾ ਤੋਂ ਬਾਅਦ ਭਾਰਤ ਦਾ ਸੜਕ ਨੈੱਟਵਰਕ ਦੂਜਾ ਸਭ ਤੋਂ ਵੱਡਾ ਹੈ। ਮੰਤਰੀ ਨੇ ਅੱਗੇ ਦੱਸਿਆ ਕਿ ਟੌਲਾਂ ਤੋਂ ਮਾਲੀਆ ਵਧ ਕੇ 4,1342 ਕਰੋੜ ’ਤੇ ਪੁੱਜ ਗਿਆ ਹੈ ਜੋ 2013-14 ਵਿੱਚ 4770 ਕਰੋੜ ਸੀ। ਉਨ੍ਹਾਂ ਕਿਹਾ ਕਿ 2020 ਤੱਕ ਟੌਲ ਮਾਲੀਆ 1,30,000 ਕਰੋੜ ਵਧਾਉਣ ਦਾ ਸਰਕਾਰ ਦਾ ਟੀਚਾ ਹੈ।-ਪੀਟੀਆਈ