ਜਨੇਵਾ/ਨਵੀਂ ਦਿੱਲੀ, 15 ਮਈ
ਆਲਮੀ ਸਿਹਤ ਸੰਸਥਾ (ਡਬਲਯੂਐੱਚਓ) ਨੇ ਕਿਹਾ ਹੈ ਕਿ ਭਾਰਤ ਦੀ ਸਥਿਤੀ ਅਜੇ ਵੀ ਚਿੰਤਾਜਨਕ ਹੈ ਕਿਉਂਕਿ ਇਸ ਦੇ ਕਈ ਸੂਬਿਆਂ ਵਿੱਚ ਕੋਵਿਡ- 19 ਦੇ ਕੇਸਾਂ, ਦਾਖ਼ਲ ਮਰੀਜ਼ਾਂ ਦੀ ਗਿਣਤੀ ਤੇ ਇਸ ਮਹਾਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਗੰਭੀਰ ਹੈ। ਸੰਸਥਾ ਦੇ ਨਿਰਦੇਸ਼ਕ ਜਨਰਲ ਟੈਡਰੋਸ ਅਧਾਨੋਮ ਨੇ ਕਿਹਾ ਕਿ ਡਬਲਯੂਐੱਚਓ ਵੱਲੋਂ ਸਥਿਤੀ ਵੱਲ ਲਗਾਤਾਰ ਧਿਆਨ ਦਿੱਤਾ ਜਾ ਰਿਹਾ ਹੈ। ਸੰਸਥਾ ਵੱਲੋਂ ਹਜ਼ਾਰਾਂ ਆਕਸੀਜਨ ਕੰਨਸਨਟਰੇਟਰ, ਭਾਰਤ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਚੱਲਦੇ-ਫਿਰਦੇ ਹਸਪਤਾਲ ਬਣਾਉਣ ਲਈ ਟੈਂਟ ਤੇ ਮਾਸਕ ਤੇ ਹੋਰ ਮੈਡੀਕਲ ਸਪਲਾਈ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਸਾਰੇ ਮੁਲਕਾਂ ਦਾ ਧੰਨਵਾਦ ਕਰਦੇ ਹਾਂ ਜੋ ਭਾਰਤ ਦੀ ਸਹਾਇਤਾ ਕਰ ਰਹੇ ਹਨ। ਸ੍ਰੀ ਟੈਡਰੋਸ ਨੇ ਕਿਹਾ,‘ਕੋਵਿਡ- 19 ਪਹਿਲਾਂ ਹੀ 3.3 ਮਿਲੀਅਨ ਜਾਨਾਂ ਲੈ ਚੁੱਕਾ ਹੈ ਅਤੇ ਅਸੀਂ ਇਸ ਮਹਾਮਾਰੀ ਦੇ ਦੂਜੇ ਸਾਲ ਲਈ ਤਿਆਰ ਹਾਂ ਜੋ ਕਿ ਪਹਿਲਾਂ ਨਾਲੋਂ ਵੀ ਵੱਧ ਖਤਰਨਾਕ ਹੈ।’ ਹਾਲਾਂਕਿ ਇਹ ਸਿਰਫ਼ ਭਾਰਤ ਨਹੀਂ ਹੈ, ਜਿਸਦੀਆਂ ਐਮਰਜੈਂਸੀ ਲੋੜਾਂ ਹਨ ਜਦਕਿ ਨੇਪਾਲ, ਸ੍ਰੀਲੰਕਾ, ਵੀਅਤਨਾਮ, ਕੰਬੋਡੀਆ, ਥਾਈਲੈਂਡ ਅਤੇ ਮਿਸਰ ਅਜਿਹੇ ਮੁਲਕ ਹਨ, ਜਿਨ੍ਹਾਂ ਨੂੰ ਕੇਸਾਂ ਦੀ ਗਿਣਤੀ ਵਿੱਚ ਵਾਧੇ ਤੋਂ ਇਲਾਵਾ ਹਸਪਤਾਲਾਂ ਦੀ ਘਾਟ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ,‘ਜਨਵਰੀ ਵਿੱਚ ਮੈਂ ਮਹਾਮਾਰੀ ਬਾਰੇ ਸੰਕੇਤ ਦਿੱਤਾ ਸੀ। ਬਦਕਿਸਮਤੀ ਨਾਲ ਸਾਨੂੰ ਇਹ ਸਭ ਕੁਝ ਵੇਖਣਾ ਪੈ ਰਿਹਾ ਹੈ। ਕੁਝ ਕੁ ਅਮੀਰ ਮੁਲਕਾਂ, ਜਿਨ੍ਹਾਂ ਨੇ ਜ਼ਿਆਦਾਤਰ ਵੈਕਸੀਨ ਦੀ ਸਪਲਾਈ ਖਰੀਦ ਲਈ, ਉੱਥੇ ਹੁਣ ਸਭ ਤੋਂ ਘੱਟ ਰਿਸਕ ਵਾਲੇ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਮੈਂ ਸਮਝਦਾ ਹਾਂ ਕਿ ਕੁਝ ਮੁਲਕ ਆਪਣੇ ਬੱਚਿਆਂ ਤੇ ਨਾਬਾਲਗਾਂ ਦਾ ਟੀਕਾਕਰਨ ਕਿਉਂ ਕਰਨਾ ਚਾਹੁੰਦੇ ਹਨ ਪਰ ਇਸ ਸਮੇਂ ਮੈਂ ਉਨ੍ਹਾਂ ਨੂੰ ਇਸ ਗੱਲ ਬਾਰੇ ਮੁੜ ਵਿਚਾਰ ਕਰਨ ਤੇ ਕੋਵੈਕਸ ਨੂੰ ਵੈਕਸੀਨ ਦਾ ਦਾਨ ਦੇਣ ਲਈ ਬੇਨਤੀ ਕਰਦਾ ਹਾਂ, ਕਿਉਂਕਿ ਬਹੁਤ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਮੁਲਕਾਂ ਵਿੱਚ ਸਿਹਤ ਕਾਮਿਆਂ ਦੇ ਟੀਕਾਕਰਨ ਲਈ ਵੀ ਵੈਕਸੀਨ ਪੂਰੀ ਨਹੀਂ ਹੈ ਜਦਕਿ ਹਸਪਤਾਲ ਅਜਿਹੇ ਲੋਕਾਂ ਨਾਲ ਭਰੇ ਪਏ ਹਨ, ਜਿਨ੍ਹਾਂ ਨੂੰ ਜ਼ਿੰਦਗੀ ਬਚਾਉਣ ਲਈ ਬਹੁਤ ਜ਼ਿਆਦਾ ਦੇਖਭਾਲ ਦੀ ਲੋੜ ਹੈ। ਮੌਜੂਦਾ ਸਮੇਂ ਘੱਟ ਆਮਦਨ ਵਾਲੇ ਮੁਲਕਾਂ ਵਿੱਚ ਸਿਰਫ਼ 0.3 ਫ਼ੀਸਦੀ ਵੈਕਸੀਨ ਦੀ ਸਪਲਾਈ ਹੋ ਰਹੀ ਹੈ।’ -ਆਈਏਐੱਨਐੱਸ