ਬਾਲਾਸੋਰ (ਉੜੀਸਾ), 30 ਮਾਰਚ
ਭਾਰਤ ਨੇ ਅੱਜ ਦੇਸ਼ ਦੀ ਸਮਰੱਥਾ ਨੂੰ ਸਾਬਿਤ ਕਰਨ ਲਈ ਉੜੀਸਾ ਤੱਟ ’ਤੇ ਧਰਤੀ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮੱਧਮ ਦੂਰੀ ਦੀਆਂ ਦੋ ਹੋਰ ਮਿਜ਼ਾਈਲਾਂ ਦਾ ਸਫ਼ਲ ਪ੍ਰੀਖਣ ਕੀਤਾ। ਡੀਆਰਡੀਓ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਚਾਂਦੀਪੁਰ ਦੇ ਏਕੀਕ੍ਰਿਤ ਪ੍ਰੀਖਣ ਰੇਂਜ ਲਾਂਚ ਪੈਡ-3 ਤੋਂ ਧਰਤੀ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ (ਐੱਮਆਰਐੱਸਏਐੱਮਜ਼) ਦਾ ਪ੍ਰੀਖਣ ਕੀਤਾ ਗਿਆ। ਇਹ ਐੱਮਆਰਐੱਸਏਐੱਮ ਫ਼ੌਜ ਦੇ ਇਸਤੇਮਾਲ ਲਈ ਹੈ। ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਕਿਹਾ ਕਿ ਪ੍ਰੀਖਣਾਂ ਰਾਹੀਂ ਹਥਿਆਰ ਪ੍ਰਣਾਲੀ ਦੀ ਭਰੋਸੇਯੋਗਤਾ ਸਥਾਪਤ ਕੀਤੀ ਗਈ ਹੈ। ਉਸ ਨੇ ਕਿਹਾ ਕਿ ਇਨ੍ਹਾਂ ਪ੍ਰੀਖਣਾਂ ਦੌਰਾਨ ਮਿਜ਼ਾਈਲ, ਹਥਿਆਰ ਪ੍ਰਣਾਲੀ ਰਡਾਰ ਅਤੇ ਕਮਾਂਡ ਪੋਸਟ ਸਣੇ ਸਾਰੀਆਂ ਹਥਿਆਰ ਪ੍ਰਣਾਲੀਆਂ ਦੇ ਕੰਪੋਨੈਂਟਾਂ ਨੂੰ ਪ੍ਰਮਾਣਿਤ ਕੀਤਾ ਗਿਆ ਹੈ। ਇਹ ਪ੍ਰੀਖਣ ਡੀਆਰਡੀਓ ਅਤੇ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੀਤੇ ਗਏ।
ਇਸ ਵਿਚਾਲੇ ਰੱਖਿਆ ਮੰਤਰੀ ਰਾਜਨਾਥ ਸਿੰੰਘ ਨੇ ਐੱਮਆਰਐੱਸਏਐੱਮ-ਆਰਮੀ ਦੇ ਸਫ਼ਲ ਪ੍ਰੀਖਣ ਲਈ ਡੀਆਰਡੀਓ, ਭਾਰਤੀ ਫ਼ੌਜ ਅਤੇ ਰੱਖਿਆ ਉਦਯੋਗਿਕ ਇਕਾਈਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਫ਼ਲ ਪ੍ਰੀਖਣਾਂ ਨੇ ਇਕ ਵਾਰ ਫਿਰ ਪ੍ਰਣਾਲੀ ਦੀ ਭਰੋਸੇਯੋਗਤਾ ਸਾਬਿਤ ਕਰ ਦਿੱਤੀ ਹੈ।
ਡੀਆਰਡੀਓ ਦੇ ਚੇਅਰਮੈਨ ਡਾ. ਜੀ ਸਤੀਸ਼ ਰੈੱਡੀ ਨੇ ਹਥਿਆਰ ਪ੍ਰਣਾਲੀ ਦੇ ਸਫ਼ਲ ਪ੍ਰੀਖਣ ਨਾਲ ਜੁੜੀ ਟੀਮ ਨੂੰ ਵਧਾਈ ਦਿੱਤੀ। -ਪੀਟੀਆਈ