* ਭਾਰਤ ਵੱਲੋਂ ਕੈਨੇਡੀਅਨ ਹਾਈ ਕਮਿਸ਼ਨਰ ਤਲਬ
* 8 ਜੁਲਾਈ ਲਈ ਤਜਵੀਜ਼ਤ ਰੈਲੀ ਤੇ ਰੋਸ ਪ੍ਰਦਰਸ਼ਨਾਂ ਬਾਰੇ ਫ਼ਿਕਰਾਂ ਤੋਂ ਜਾਣੂ ਕਰਵਾਇਆ
ਟੋਰਾਂਟੋ/ਨਵੀਂ ਦਿੱਲੀ, 4 ਜੁਲਾਈ
ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਨੂੰ ਧਮਕੀਆਂ ਦੇਣ ਵਾਲੇ ਪੋਸਟਰਾਂ ਤੇ ਪ੍ਰਚਾਰ ਸਮੱਗਰੀ ਨਾਲ ਜੁੁੜੇ ਵਿਵਾਦ ਦਰਮਿਆਨ ਕੈਨੇਡਾ ਦੀ ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਭਾਰਤ ਨੂੰ ਉਸ ਦੇ ਰਾਜਦੂਤਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਆਨਲਾਈਨ ਸਰਕੁਲੇਟ ਕੀਤੇ ਇਨ੍ਹਾਂ ਪੋਸਟਰਾਂ ਵਿੱਚ ਕੈਨੇਡਾ ’ਚ ਭਾਰਤ ਦੇ ਹਾਈ ਕਮਿਸ਼ਨਰ ਸੰਜੈ ਵਰਮਾ ਤੇ ਕੌਂਸੁਲੇਟ ਜਨਰਲ ਅਪੂਰਵਾ ਸ੍ਰੀਵਾਸਤਵਾ ਨੂੰ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਦਾ ‘ਕਾਤਲ’ ਦੱਸਿਆ ਗਿਆ ਸੀ। ਉਧਰ ਭਾਰਤ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰੂਨ ਮੈਕੇਅ ਨੂੰ ਤਲਬ ਕਰਕੇ ਭਾਰਤੀ ਰਾਜਦੂਤਾਂ ਦੇ ਨਾਵਾਂ ਵਾਲੇ ਖਾਲਿਸਤਾਨੀ ਪੋਸਟਰਾਂ ’ਤੇ ਇਤਰਾਜ਼ ਜਤਾਇਆ ਹੈ। ਵਿਦੇਸ਼ ਮੰਤਰਾਲੇ ਨੇ ਮੈਕੇਅ ਨੂੰ ਅਜਿਹੇ ਮੌਕੇ ਤਲਬ ਕੀਤਾ ਹੈ ਜਦੋਂ ਖਾਲਿਸਤਾਨ ਪੱਖੀ ਦਹਿਸ਼ਤੀ ਜਥੇਬੰਦੀਆਂ ਨੇ ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਅਤੇ ਟੋਰਾਂਟੋ ਤੇ ਵੈਨਕੂਵਰ ਸਥਿਰ ਦੋ ਕੌਂਸੁਲੇਟਾਂ ਦੇ ਬਾਹਰ 8 ਜੁਲਾਈ ਨੂੰ ਰੋਸ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ। ਮੰਤਰਾਲੇ ਨੇ ਮੈਕੇਅ ਨੂੰ 8 ਜੁਲਾਈ ਨੂੰ ਹੋਣ ਵਾਲੀ ਖਾਲਿਸਤਾਨ ਪੱਖੀ ਰੈਲੀ ਤੇ ਕੈਨੇਡਾ ਵਿੱਚ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਹੋ ਰਹੇ ਖਾਲਿਸਤਾਨੀ ਪੱਖੀ ਪੋਸਟਰਾਂ ’ਚ ਆਪਣੇ ਡਿਪਲੋਮੈਟਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ।
ਕੈਨੇਡਾ ਦੀ ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਖਾਲਿਸਤਾਨੀ ਪੋਸਟਰਾਂ ਬਾਰੇ ਭਾਰਤ ਦੇ ਫ਼ਿਕਰਾਂ ਨੂੰ ਮੁਖਾਤਿਬ ਹੁੰਦਿਆਂ ਭਰੋਸਾ ਦਿੱਤਾ ਕਿ ਉਹ ਆਪਣੇ ਦੇਸ਼ ਵਿੱਚ ਭਾਰਤੀ ਰਾਜਦੂਤਾਂ ਦੀ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹਨ। ਜੋਲੀ ਨੇ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਲੈ ਕੇ ਕੈਨੇਡਾ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਉਹ ਵੀਏਨਾ ਕਨਵੈਨਸ਼ਨ ਦੀ ਪਾਲਣਾ ਲਈ ਦਿੜ੍ਹ ਸੰਕਲਪ ਹਨ। ਜੋਲੀ ਨੇ ਇਕ ਟਵੀਟ ਵਿੱਚ ਕਿਹਾ, ‘‘ਕੈਨੇਡਾ ਨੇ 8 ਜੁਲਾਈ ਲਈ ਤਜਵੀਜ਼ਤ ਰੋਸ ਪ੍ਰਦਰਸ਼ਨਾਂ ਨੂੰ ਲੈ ਕੇ ਆਨਲਾਈਨ ਪਲੈਟਫਾਰਮ ’ਤੇ ਨਸ਼ਰ ਕੁਝ ਭੜਕਾਊ ਸਮੱਗਰੀ ਦੀ ਰੌਸ਼ਨੀ ਵਿੱਚ ਭਾਰਤੀ ਅਧਿਕਾਰੀਆਂ ਨਾਲ ਨੇੜਿਓਂ ਰਾਬਤਾ ਬਣਾਇਆ ਹੋਇਆ ਹੈ। ਅਜਿਹੀ ਭੜਕਾਊ ਸਮੱਗਰੀ ਨੂੰ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ।’’ ਕੈਨੇਡੀਅਨ ਵਿਦੇਸ਼ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਕੁਝ ਵਿਅਕਤੀ ਵਿਸ਼ੇਸ਼ ਦੀ ਕਾਰਵਾਈ ‘‘ਕਿਸੇ ਇਕ ਪੂਰੇ ਭਾਈਚਾਰੇ ਜਾਂ ਕੈਨੇਡਾ ਦੀ ਤਰਜਮਾਨੀ ਨਹੀਂ ਕਰਦੀ।’’ ਦੱਸ ਦੇਈਏ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਲੰਘੇ ਦਿਨ ਕਿਹਾ ਸੀ ਕਿ ਉਹ ਖਾਲਿਸਤਾਨੀ ਪੋਸਟਰਾਂ ’ਤੇ ਭਾਰਤੀ ਰਾਜਦੂਤਾਂ ਦੇ ਨਾਵਾਂ ਨਾਲ ਜੁੜੇ ਮੁੱਦੇ ਨੂੰ ਕੈਨੇਡਾ ਤੇ ਹੋਰਨਾਂ ਮੁਲਕਾਂ ਦੀ ਸਰਕਾਰਾਂ ਨਾਲ ਵਿਚਾਰਨਗੇ, ਕਿਉਂਕਿ ਅਜਿਹੀਆਂ ਘਟਨਾਵਾਂ ਨਾਲ ਰਿਸ਼ਤੇ ਅਸਰਅੰਦਾਜ਼ ਹੋ ਸਕਦੇ ਹਨ। ਉਨ੍ਹਾਂ ਕਿਹਾ ਸੀ, ‘‘ਅਸੀਂ ਯੂਕੇ, ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਜਿਹੇ ਭਾਈਵਾਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਖ਼ਾਲਿਸਤਾਨੀਆਂ ਨੂੰ ਖਲਾਅ ਨਾ ਦੇਣ। ਇਸ ਨਾਲ ਸਾਡੇ ਰਿਸ਼ਤਿਆਂ ’ਤੇ ਅਸਰ ਪਏਗਾ। ਅਸੀਂ ਇਹ ਮਸਲਾ ਇਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਕੋਲ ਰੱਖਾਂਗੇ।’’ -ਪੀਟੀਆਈ
ਸਾਂ ਫਰਾਂਸਿਸਕੋ ਵਿੱਚ ਭਾਰਤੀ ਕੌਂਸੁਲੇਟ ਨੂੰ ਅੱਗ ਲਾਉਣ ਦੀ ਕੋਸ਼ਿਸ਼, ਅਮਰੀਕਾ ਵੱਲੋਂ ਨਿਖੇਧੀ
ਨਿਊ ਯਾਰਕ (ਅਮਰੀਕਾ): ਖ਼ਾਲਿਸਤਾਨ ਸਮਰਥਕਾਂ ਨੇ ਸਾਂ ਫਰਾਂਸਿਸਕੋ ਸਥਿਤ ਭਾਰਤੀ ਕੌਂਸਲਖਾਨੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਬਾਇਡਨ ਸਰਕਾਰ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ‘ਅਪਰਾਧਿਕ ਕਾਰਵਾਈ’ ਕਰਾਰ ਦਿੱਤਾ ਹੈ। ਕੁਝ ਮਹੀਨਿਆਂ ਅੰਦਰ ਸਾਂ ਫਰਾਂਸਿਸਕੋ ਵਿਚ ਕਿਸੇ ਕੂਟਨੀਤਕ ਮਿਸ਼ਨ ’ਤੇ ਅਜਿਹਾ ਦੂਜਾ ਹਮਲਾ ਹੈ। ਖ਼ਾਲਿਸਤਾਨ ਸਮਰਥਕਾਂ ਨੇ ਟਵਿੱਟਰ ’ਤੇ 2 ਜੁਲਾਈ ਦੀ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਕੁਝ ਲੋਕ ਸਾਂ ਫਰਾਂਸਿਸਕੋ ਵਿੱਚ ਭਾਰਤੀ ਕੌਂਸੁਲੇਟ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਦੇਖੇ ਜਾ ਸਕਦੇ ਹਨ। ਵੀਡੀਓ ਵਿੱਚ ‘ਹਿੰਸਾ ਹਿੰਸਾ ਦਾ ਜਵਾਬ ਹੈ’ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਕੈਨੇਡਾ ਸਥਿਤ ਖ਼ਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ ਮੌਤ ਨਾਲ ਸਬੰਧਤ ਖ਼ਬਰਾਂ ਵੀ ਦਿਖਾਈਆਂ ਗਈਆਂ। ਭਾਰਤ ਵਿੱਚ ਅਤਿ-ਲੋੜੀਂਦੇ ਦਹਿਸ਼ਤਗਰਦਾਂ ਵਿਚੋਂ ਇਕ ਨਿੱਝਰ, ਜਿਸ ਦੇ ਸਿਰ ’ਤੇ 10 ਲੱਖ ਰੁਪਏ ਦਾ ਇਨਾਮ ਸੀ, ਦੀ ਪਿਛਲੇ ਮਹੀਨੇ ਕੈਨੇਡਾ ਦੇ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅਮਰੀਕੀ ਰੱਖਿਆ ਵਿਭਾਗ ਦੇ ਤਰਜਮਾਨ ਮੈਥਿਊ ਮਿੱਲਰ ਨੇ ਟਵੀਟ ਕਰਕੇ ਸਾਂ ਫਰਾਂਸਿਸਕੋ ਸਥਿਤ ਭਾਰਤੀ ਕੌਂਸੁਲੇਟ ਨੂੰ ਅੱਗ ਲਾਉਣ ਦੀ ਕੀਤੀ ਕੋਸ਼ਿਸ਼ ਦੀ ਨਿਖੇਧੀ ਕੀਤੀ ਹੈ। ਇਸ ਤੋਂ ਪਹਿਲਾਂ 19 ਮਾਰਚ ਨੂੰ ਖਾਲਿਸਤਾਨ ਹਮਾਇਤੀਆਂ ਨੇ ਸਾਂ ਫਰਾਂਸਿਸਕੋ ਸਥਿਤ ਭਾਰਤੀ ਕੌਂਸੁਲੇਟ ’ਤੇ ਹਮਲਾ ਕਰਕੇ ਦਫ਼ਤਰ ਵਿੱਚ ਭੰਨਤੋੜ ਕੀਤੀ ਸੀ ਤੇ ਕੌਂਸੁਲੇਟ ਅਹਾਤੇ ਵਿੱਚ ਕਥਿਤ ਖਾਲਿਸਤਾਨੀ ਝੰਡੇ ਲਾਏ ਸਨ। ਹਾਲਾਂਕਿ ਇਨ੍ਹਾਂ ਝੰਡਿਆਂ ਨੂੰ ਫੌਰੀ ਉਥੋਂ ਹਟਾ ਦਿੱਤਾ ਗਿਆ ਸੀ।