ਢਾਕਾ, 9 ਅਪਰੈਲ
ਭਾਰਤੀ ਫ਼ੌਜ ਦੇ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਅੱਜ ਇੱਥੇ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ਼ ਮੁਜੀਬੁਰ ਰਹਿਮਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਫ਼ੌਜ ਮੁਖੀ ਬੰਗਲਾਦੇਸ਼ ਦੇ ਪੰਜ ਰੋਜ਼ਾ ਦੌਰੇ ’ਤੇ ਹਨ ਤੇ ਉਨ੍ਹਾਂ ‘ਬੰਗਬੰਧੂ ਯਾਦਗਾਰੀ ਅਜਾਇਬਘਰ’ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਵੀਨਾ ਨਰਵਾਣੇ ਵੀ ਨਾਲ ਸਨ। ਜ਼ਿਕਰਯੋਗ ਹੈ ਕਿ ਜਿਸ ਥਾਂ ’ਤੇ ਅਜਾਇਬਘਰ ਬਣਿਆ ਹੋਇਆ ਹੈ, ਉਹ ਕਿਸੇ ਸਮੇਂ ਮੁਜੀਬੁਰ ਰਹਿਮਾਨ ਦੀ ਰਿਹਾਇਸ਼ ਸੀ। ਰਹਿਮਾਨ ਤੇ ਉਨ੍ਹਾਂ ਦੇ ਜ਼ਿਆਦਾਤਰ ਪਰਿਵਾਰਕ ਮੈਂਬਰਾਂ ਦੀ 1975 ਵਿਚ ਇੱਥੇ ਹੀ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੀਆਂ ਦੋ ਧੀਆਂ- ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਤੇ ਸ਼ੇਖ਼ ਰਿਹਾਨਾ ਬਚ ਗਈਆਂ ਸਨ ਕਿਉਂਕਿ ਉਹ ਉਸ ਵੇਲੇ ਵਿਦੇਸ਼ ’ਚ ਸਨ। ਦੱਸਣਯੋਗ ਹੈ ਕਿ ਬੰਗਲਾਦੇਸ਼ ਵਿਚ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ। -ਪੀਟੀਆਈ