ਨਵੀਂ ਦਿੱਲੀ, 20 ਜਨਵਰੀ
ਭਾਰਤੀ ਫ਼ੌਜ ਨੇ ਅਰੁਣਾਚਲ ਪ੍ਰਦੇਸ਼ ’ਚ ਲਾਪਤਾ ਹੋਏ ਨੌਜਵਾਨ ਮਿਰਾਮ ਤਾਰੋਨ ਦਾ ਪਤਾ ਲਾ ਕੇ ਉਸ ਦੀ ਵਾਪਸੀ ਲਈ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਤੋਂ ਸਹਿਯੋਗ ਮੰਗਿਆ ਹੈ। ਸੂਤਰਾਂ ਮੁਤਾਬਕ ਨੌਜਵਾਨ ਨੂੰ ਤੈਅ ਪ੍ਰੋਟੋਕੋਲ ਮੁਤਾਬਕ ਮੋੜਨ ਲਈ ਕਿਹਾ ਗਿਆ ਹੈ। ਅਰੁਣਾਚਲ ਪ੍ਰਦੇਸ਼ ਦੇ ਸੰਸਦ ਮੈਂਬਰ ਤਾਪਿਰ ਗਾਓ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਸੀ ਕਿ ਪੀਐੱਲਏ ਨੇ 17 ਸਾਲ ਦੇ ਲੜਕੇ ਨੂੰ ਅੱਪਰ ਸਿਆਂਗ ਜ਼ਿਲ੍ਹੇ ਅੰਦਰੋਂ ਅਗਵਾ ਕਰ ਲਿਆ ਹੈ। ਸੂਤਰਾਂ ਨੇ ਕਿਹਾ ਕਿ ਜਿਵੇਂ ਹੀ ਭਾਰਤੀ ਫ਼ੌਜ ਨੂੰ ਤਾਰੋਨ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਹੌਟਲਾਈਨ ਰਾਹੀਂ ਪੀਐੱਲਏ ਨਾਲ ਸੰਪਰਕ ਬਣਾਇਆ ਅਤੇ ਦੱਸਿਆ ਕਿ ਜੜ੍ਹੀ-ਬੂਟੀਆਂ ਇਕੱਠਿਆਂ ਕਰ ਰਿਹਾ ਨੌਜਵਾਨ ਆਪਣਾ ਰਾਹ ਭੁੱਲ ਗਿਆ ਹੈ ਅਤੇ ਉਹ ਨਹੀਂ ਮਿਲ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਪੀਐੱਲਏ ਨੂੰ ਚੀਨੀ ਇਲਾਕੇ ’ਚ ਨੌਜਵਾਨ ਦਾ ਪਤਾ ਲਾ ਕੇ ਉਸ ਦੀ ਪ੍ਰੋਟੋਕੋਲ ਮੁਤਾਬਕ ਵਾਪਸੀ ਲਈ ਸਹਾਇਤਾ ਮੰਗੀ ਗਈ ਹੈ। ਗਾਓ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਨੌਜਵਾਨ ਨੂੰ ਅਗਵਾ ਕਰਨ ਦੀ ਘਟਨਾ ਅਰੁਣਾਚਲ ਪ੍ਰਦੇਸ਼ ’ਚ ਉਸ ਥਾਂ ’ਤੇ ਵਾਪਰੀ ਹੈ ਜਿਥੋਂ ਤਸਾਂਗਪੋ ਦਰਿਆ ਭਾਰਤ ’ਚ ਦਾਖ਼ਲ ਹੁੰਦਾ ਹੈ। ਤਸਾਂਗਪੋ ਨੂੰ ਅਰੁਣਾਚਲ ਪ੍ਰਦੇਸ਼ ’ਚ ਸਿਆਂਗ ਅਤੇ ਅਸਾਮ ’ਚ ਬ੍ਰਹਮਪੁੱਤਰ ਆਖਿਆ ਜਾਂਦਾ ਹੈ। ਸੰਸਦ ਮੈਂਬਰ ਨੇ ਨੌਜਵਾਨ ਨੂੰ ਅਗਵਾ ਕਰਨ ਸਬੰਧੀ ਜਾਣਕਾਰੀ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਸਿਥ ਪ੍ਰਮਾਣਿਕ ਨੂੰ ਵੀ ਦਿੱਤੀ ਸੀ ਅਤੇ ਲੋੜੀਂਦੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ। ਜ਼ਿਕਰਯੋਗ ਹੈ ਕਿ ਸਤੰਬਰ 2020 ’ਚ ਵੀ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬਾਨਸਿਰੀ ਜ਼ਿਲ੍ਹੇ ’ਚੋਂ ਪੀਐੱਲਏ ਨੇ ਪੰਜ ਨੌਜਵਾਨਾਂ ਨੂੰ ਅਗਵਾ ਕਰ ਲਿਆ ਸੀ ਅਤੇ ਕਰੀਬ ਇਕ ਹਫ਼ਤੇ ਬਾਅਦ ਉਨ੍ਹਾਂ ਨੂੰ ਰਿਹਾਅ ਕੀਤਾ ਸੀ। ਮੌਜੂਦਾ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਭਾਰਤੀ ਅਤੇ ਚੀਨੀ ਫ਼ੌਜ ਵਿਚਕਾਰ ਅਪਰੈਲ 2020 ਤੋਂ ਪੂਰਬੀ ਲੱਦਾਖ ’ਚ ਟਕਰਾਅ ਚੱਲ ਰਿਹਾ ਹੈ। -ਪੀਟੀਆਈ
ਪ੍ਰਧਾਨ ਮੰਤਰੀ ਨੂੰ ਕਿਸੇ ਦੀ ਫਿਕਰ ਨਹੀਂ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅਰੁਣਾਚਲ ਪ੍ਰਦੇਸ਼ ’ਚ ਚੀਨ ਵੱਲੋਂ ਅਗਵਾ ਕੀਤੇ ਗਏ ਨੌਜਵਾਨ ਦੇ ਮਾਮਲੇ ’ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਖਾਮੋਸ਼ੀ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਕਿਸੇ ਦੀ ਫਿਕਰ ਨਹੀਂ ਹੈ। ਕਾਂਗਰਸ ਆਗੂ ਨੇ ਟਵੀਟ ਕਰਕੇ ਕਿਹਾ,‘‘ਗਣਤੰਤਰ ਦਿਵਸ ਤੋਂ ਕੁਝ ਦਿਨ ਪਹਿਲਾਂ ਚੀਨ ਵੱਲੋਂ ਇਕ ਭਾਰਤੀ ਨੂੰ ਅਗਵਾ ਕਰ ਲਿਆ ਗਿਆ ਹੈ। ਅਸੀਂ ਮਿਰਾਮ ਤਾਰੋਨ ਦੇ ਪਰਿਵਾਰ ਨਾਲ ਹਾਂ ਅਤੇ ਆਸ ਨਹੀਂ ਛੱਡਾਂਗੇ। ਪ੍ਰਧਾਨ ਮੰਤਰੀ ਦੀ ਖਾਮੋਸ਼ੀ ਹੀ ਉਨ੍ਹਾਂ ਦੀ ਬੁਜ਼ਦਿਲੀ ਦਿਖਾਉਂਦੀ ਹੈ। ਉਨ੍ਹਾਂ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਹੈ।’’ ਕਾਂਗਰਸ ਨੇ ਭਾਜਪਾ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਚੀਨ ਦਾ ਹੌਸਲਾ ਅਤੇ ਭਾਜਪਾ ਸਰਕਾਰ ਦੀ ਬੇਸ਼ਰਮੀ ਲਗਾਤਾਰ ਵਧਦੀ ਜਾ ਰਹੀ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਚੀਨੀ ਫ਼ੌਜ ਭਾਰਤੀ ਇਲਾਕੇ ’ਚ ਕਿਵੇਂ ਦਾਖ਼ਲ ਹੋਈ ਅਤੇ ਮੁਲਕ ਦੇ ਨਾਗਰਿਕ ਨੂੰ ਅਗਵਾ ਕਰ ਲਿਆ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਇਸ ਮਾਮਲੇ ’ਤੇ ਖਾਮੋਸ਼ ਕਿਵੇਂ ਰਹਿ ਸਕਦੀ ਹੈ ਅਤੇ ਉਹ ਆਪਣੇ ਸੰਸਦ ਮੈਂਬਰ ਦੀ ਅਪੀਲ ਕਿਉਂ ਨਹੀਂ ਸੁਣ ਰਹੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਦੁਬਾਰਾ ਇਹ ਨਾ ਆਖਣਾ ਕਿ ਕੋਈ ਵੀ ਨਹੀਂ ਆਇਆ ਅਤੇ ਕਿਸੇ ਨੂੰ ਅਗਵਾ ਨਹੀਂ ਕੀਤਾ ਗਿਆ ਹੈ। -ਪੀਟੀਆਈ