ਨਵੀਂ ਦਿੱਲੀ, 14 ਦਸੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਭਾਰਤ ਦੇ ਹਥਿਆਰਬੰਦ ਬਲਾਂ ਨੇ ‘ਪੂਰੀ ਬਹਾਦਰੀ’ ਨਾਲ ਚੀਨੀ ਫੌਜ ਦਾ ਸਾਹਮਣਾ ਕੀਤਾ ਅਤੇ ਉਨ੍ਹਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ।
ਉਦਯੋਗਿਕ ਚੈਂਬਰ ਫਿੱਕੀ ਦੇ ਸਾਲਾਨਾ ਆਮ ਇਜਲਾਸ ਮੌਕੇ ਸਿੰਘ ਨੇ ਕਿਹਾ ਕਿ ਭਾਰਤ ਦੀਆਂ ਹਿਮਾਲਿਆ ਨੇੜਲੀਆਂ ਸਰੱਹਦਾਂ ’ਤੇ ‘ਬਿਨਾਂ ਭੜਕਾਹਟ ਤੋਂ ਹਮਲਾ ਕੀਤੇ ਜਾਣ’ ਤੋਂ ਇਹ ਪਤਾ ਲੱਗਦਾ ਹੈ ਕਿ ਵਿਸ਼ਵ ਬਦਲ ਰਿਹਾ ਹੈ ਅਤੇ ਕਿਵੇਂ ਮੌਜੂਦਾ ਸਮਝੌਤਿਆਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਰੱਖਿਆ ਮੰਤਰੀ ਨੇ ਕਿਹਾ, ‘‘ਉਨ੍ਹਾਂ ਨੇ ਪੀਐੱਲਏ (ਪੀਪਲਜ਼ ਲਬਿਰੇਸ਼ਨ ਆਰਮੀ) ਦਾ ਪੂਰੀ ਬਹਾਦਰੀ ਨਾਲ ਸਾਹਮਣਾ ਕੀਤਾ ਅਤੇ ਉਸ ਨੂੰ ਪਿੱਛੇ ਹਟਣ ਲਈ ਮਜਬੂੁਰ ਕਰ ਦਿੱਤਾ। ਸਾਡੇ ਬਲਾਂ ਵਲੋਂ ਇਸ ਵਰ੍ਹੇ ਕੀਤੀਆਂ ਪ੍ਰਾਪਤੀਆਂ ’ਤੇ ਇਸ ਮੁਲਕ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਫਖ਼ਰ ਕਰਨਗੀਆਂ।’’ ਵਧੇਰੇ ਵੇਰਵੇ ਨਾ ਦਿੰਦਿਆਂ ਸਿੰਘ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਚੁਣੌਤੀ ਨਾਲ ਨਜਿੱਠਣ ਵਿੱਚ ਮਿਸਾਲੀ ਹੌਸਲਾ ਅਤੇ ਕਮਾਲ ਦਾ ਸਬਰ ਦਿਖਾਇਆ ਹੈ। ਸਿੰਘ ਨੇ ਕਿਹਾ, ‘‘ਸਾਡੀਆਂ ਹਿਮਾਲਿਆ ਵਾਲੀਆਂ ਸਰਹੱਦਾਂ ’ਤੇ ਬਿਨਾਂ ਭੜਕਾਏ ਹਮਲਾ ਕਰਨਾ ਸਾਨੂੰ ਇਹ ਚੇਤੇ ਕਰਵਾਉਂਦਾ ਹੈ ਕਿ ਵਿਸ਼ਵ ਕਿਵੇਂ ਬਦਲ ਰਿਹਾ ਹੈ, ਕਿਵੇਂ ਮੌਜੂਦਾ ਸਮਝੌਤਿਆਂ ਨੂੰ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਹਨ, ਕਿਵੇਂ ਕੇਵਲ ਹਿਮਾਲਿਆ ਵਿੱਚ ਹੀ ਨਹੀਂ ਬਲਕਿ ਪੂਰੇ ਇੰਡੋ-ਪੈਸੇਫਿਕ ਵਿੱਚ ਤਾਕਤ ਦੀ ਵਰਤੋਂ ਕੀਤੀ ਰਹੀ ਹੈ।’’
ਉਨ੍ਹਾਂ ਕਿਹਾ, ‘‘ਅਜਿਹੇ ਹਾਲਾਤ ਵਿੱਚ ਖੇਤਰੀ ਅਤੇ ਆਲਮੀ ਭਵਿੱਖ ਕਿੰਨਾ ਅਨਿਸ਼ਚਿਤ ਹੋ ਸਕਦਾ ਹੈ। ਜਿਵੇਂ ਤੁਸੀਂ ਜਾਣਗੇ ਹੋ, ਲੱਦਾਖ ਵਿੱਚ ਅਸਲ ਕੰਟੋਰੋਲ ਰੇਖਾ ’ਤੇ ਹਥਿਆਰਬੰਦ ਬਲਾਂ ਦਾ ਵੱਡਾ ਜਮ੍ਹਾਂਵਾੜਾ ਹੈ।’’ -ਪੀਟੀਆਈ
ਹਿਮਾਲਿਆ ਪਰਬਤੀ ਖੇਤਰ ਲਈ ਭਾਰਤ ਸਥਾਪਿਤ ਕਰੇਗਾ ਮੌਸਮ ਕੇਂਦਰ
ਨਵੀਂ ਦਿੱਲੀ: ਭਾਰਤ ਹਿਮਾਲਿਆ ਪਰਬਤ ਖੇਤਰ ਲਈ ਖੇਤਰੀ ਮੌਸਮ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਇਹ ਨਾ ਸਿਰਫ਼ ਮੁਲਕ ਨੂੰ ਬਲਕਿ ਗੁਆਂਢੀ ਦੇਸ਼ਾਂ ਨੂੰ ਵੀ ਮੌਸਮ ਬਾਰੇ ਜਾਣਕਾਰੀ ਦੇਵੇਗਾ। ਕੇਂਦਰ ਸਥਾਪਿਤ ਕਰਨ ਲਈ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਇਸ ਲਈ ਸੰਸਾਰ ਮੌਸਮ ਸੰਗਠਨ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਚੀਨ ਵੀ ਇਸੇ ਤਰ੍ਹਾਂ ਦਾ ਕੇਂਦਰ ਹਿਮਾਲਿਆ ਖੇਤਰ ਲਈ ਆਪਣੇ ਵਾਲੇ ਪਾਸੇ ਬਣਾ ਰਿਹਾ ਹੈ। -ਪੀਟੀਆਈ