ਨਵੀਂ ਦਿੱਲੀ, 20 ਫਰਵਰੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਭਾਰਤੀ ਉਦਯੋਗ ਜਗਤ ਨੂੰ ਪੂਰਾ ਆਤਮਵਿਸ਼ਵਾਸ ਦਿਖਾਉਣ ਅਤੇ ਨਵੇਂ-ਨਵੇਂ ਨਿਵੇਸ਼ ਕਰਕੇ ਭਾਰਤ ਨੂੰ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧਦਾ ਅਰਥਚਾਰਾ ਬਣਾਉਣ ’ਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਉਨ੍ਹਾਂ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ (ਏਆਈਐੱਮਏ) ਦੇ ਇੱਕ ਪ੍ਰੋਗਰਾਮ ’ਚ ਸ਼ਾਮਲ ਉਦਯੋਗ ਜਗਤ ਦੀਆਂ ਵੱਡੀਆਂ ਹਸਤੀਆਂ ਨੂੰ ਕਿਹਾ ਕਿ ਸਰਕਾਰ ਨੇ ਨਿਵੇਸ਼ ਲਈ ਮਾਹੌਲ ਸੁਖਾਵਾਂ ਬਣਾਉਣ ਲਈ ਕੰਪਨੀ ਆਮਦਨ ਟੈਕਸ ਦੀਆਂ ਦਰਾਂ ’ਚ ਕਮੀ ਕਰਨ ਸਮੇਤ ਕਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ, ‘ਮੈਂ ਚਾਹਾਂਗੀ ਕਿ ਹੁਣ ਭਾਰਤ ਦੇ ਨਿੱਜੀ ਨਿਵੇਸ਼ਕ ਅਤੇ ਨਿੱਜੀ ਉਦਯੋਗ ਪੂਰੇ ਆਤਮਵਿਸ਼ਵਾਸ ਨਾਲ ਕਦਮ ਵਧਾਉਣ ਤਾਂ ਜੋ ਸਾਬਤ ਕੀਤਾ ਜਾ ਸਕੇ ਕਿ ਭਾਰਤ ਨੂੰ ਤੇਜ਼ੀ ਨਾਲ ਉੱਭਰਦਾ ਅਰਥਚਾਰਾ ਬਣਾਉਣਾ ਸੰਭਵ ਹੈ।’ ਉਨ੍ਹਾਂ ਕਿਹਾ, ‘ਸਾਨੂੰ ਸਮਰੱਥਾ ਵਧਾਉਣ ਦੀ ਲੋੜ ਹੈ, ਸਾਨੂੰ ਵਾਧਾ ਕਰਨ ਦੀ ਜ਼ਰੂਰਤ ਹੈ। ਸਾਨੂੰ ਅਜਿਹੇ ਉਤਪਾਦ ਬਣਾਉਣ ਦੀ ਲੋੜ ਹੈ ਜੋ ਅਰਥਚਾਰੇ ਲਈ ਬਹੁਤ ਜ਼ਰੂਰੀ ਹਨ।’ -ਪੀਟੀਆਈ
ਸੂਬਿਆਂ ਨੂੰ ਜੀਐੱਸਟੀ ਦੇ ਇਕ ਲੱਖ ਕਰੋੜ ਰੁਪਏ ਜਾਰੀ
ਵਿੱਤ ਮੰਤਰਾਲੇ ਨੇ ਅੱਜ ਕਿਹਾ ਕਿ ਕੇਂਦਰ ਨੇ ਅਕਤੂਬਰ 2020 ਤੋਂ ਹੁਣ ਤੱਕ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੀਐੱਸਟੀ ਮੁਆਵਜ਼ੇ ਵਜੋਂ ਇੱਕ ਲੱਖ ਕਰੋੜ ਰੁਪਏ ਜਾਰੀ ਕੀਤੇ ਹਨ। ਮੰਤਰਾਲੇ ਨੇ ਬੀਤੇ ਦਿਨ 23 ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਦਿੱਲੀ, ਜੰਮੂ ਕਸ਼ਮੀਰ ਅਤੇ ਪੁੱਡੂਚੇਰੀ) ਨੂੰ ਪੰਜ ਹਜ਼ਾਰ ਕਰੋੜ ਰੁਪਏ ਦੀ 17ਵੀਂ ਹਫ਼ਤਾਵਾਰੀ ਕਿਸ਼ਤ ਜਾਰੀ ਕੀਤੀ ਜਿਸ ਨਾਲ ਪਿਛਲੇ ਸਾਲ ਅਕਤੂਬਰ ’ਚ ਸਥਾਪਿਤ ਵਿਸ਼ੇਸ਼ ਉਧਾਰ ਯੋਜਨਾ ਤਹਿਤ ਹੁਣ ਤੱਕ ਜਾਰੀ ਕੀਤੀ ਗਈ ਕੁੱਲ ਰਾਸ਼ੀ ਇੱਕ ਲੱਖ ਕਰੋੜ ਰੁਪਏ ਹੋ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਵਿਸ਼ੇਸ਼ ਕਰਜ਼ਾ ਯੋਜਨਾ ਰਾਹੀਂ ਔਸਤਨ 4.83 ਫੀਸਦ ਵਿਆਜ਼ ਦਰ ’ਤੇ ਇਕ ਲੱਖ ਕਰੋੜ ਰੁਪਏ ਦੀ ਰਾਸ਼ੀ ਉਧਾਰ ਲਈ ਗਈ ਹੈ। -ਪੀਟੀਆਈ