ਨਵੀਂ ਦਿੱਲੀ, 8 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਹੁਣ ਜਦੋਂ ਭਾਰਤ ਦੀ ਆਵਾਜ਼ ਅਤੇ ਉਤਪਾਦ ਗਲੋਬਲ ਹੋ ਰਹੇ ਹਨ ਤਾਂ ਅਜਿਹੇ ਵਿਚ ਭਾਰਤੀ ਮੀਡੀਆ ਨੂੰ ਵੀ ਗਲੋਬਲ ਹੋਣ ਦੀ ਲੋੜ ਹੈ।
ਜੈਪੁਰ ਵਿਚ ਜਵਾਹਰ ਲਾਲ ਨਹਿਰੂ ਮਾਰਗ ’ਤੇ ਅਖ਼ਬਾਰਾਂ ਦੇ ਸਮੂਹ ‘ਪੱਤ੍ਰਿਕਾ’ ਵੱਲੋਂ ਬਣਵਾਏ ‘ਪੱਤ੍ਰਿਕਾ ਗੇਟ’ ਦਾ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕਰਨ ਮਗਰੋਂ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਕੌਮਾਂਤਰੀ ਮੰਚ ’ਤੇ ਭਾਰਤ ਦੀ ਮੌਜੂਦਗੀ ਮਜ਼ਬੂਤ ਹੋਈ ਹੈ। ਉਨ੍ਹਾਂ ਨੇ ਕਿਹਾ, ‘ਭਾਰਤ ਦੇ ਸਥਾਨਕ ਉਤਪਾਦ ਗਲੋਬਲ ਹੋ ਰਹੇ ਹਨ। ਭਾਰਤ ਦੀ ਆਵਾਜ਼ ਵੀ ਜ਼ਿਆਦਾ ਗਲੋਬਲ ਹੋ ਰਹੀ ਹੈ। ਦੁਨੀਆ ਭਾਰਤ ਨੂੰ ਹੋਰ ਵੇਧੇਰੇ ਗ਼ੌਰ ਨਾਲ ਸੁਣਦੀ ਹੈ। ਅਜਿਹੇ ਵਿਚ ਭਾਰਤੀ ਮੀਡੀਆ ਨੂੰ ਵੀ ਗਲੋਬਲ ਹੋਣ ਦੀ ਲੋੜ ਹੈ।’ ਉਨ੍ਹਾਂ ਨੇ ‘ਪੱਤ੍ਰਿਕਾ ਗੇਟ’ ਨੂੰ ਰਾਜਸਥਾਨ ਦੇ ਸੱਭਿਆਚਾਰ ਦੀ ਝਲਕ ਕਰਾਰ ਦਿੱਤਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ‘ਸਵੱਛ ਭਾਰਤ’, ‘ਉੱਜਵਲ ਗੈਸ ਯੋਜਨਾ’ ਜਿਹੀਆਂ ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਕਰੋਨਾਵਾਇਰਸ ਖ਼ਿਲਾਫ਼ ਜੰਗ ਵਿਚ ਮੀਡੀਆ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੀਡੀਆ ਦੁਆਰਾ ਸਰਕਾਰ ਦੀ ਆਲੋਚਨਾ ਕਰਨਾ ਸੁਭਾਵਿਕ ਹੈ। ਇਸ ਨਾਲ ਹੀ ਸਾਡਾ ਲੋਕਤੰਤਰ ਵਧੇਰੇ ਮਜ਼ਬੂਤ ਹੋਇਆ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ‘ਪੱਤ੍ਰਿਕਾ’ ਅਖ਼ਬਾਰ ਸਮੂਹ ਦੇ ਚੇਅਰਮੈਨ ਗੁਲਾਬ ਕੋਠਾਰੀ ਵੱਲੋਂ ਲਿਖੀਆਂ ਦੋ ਪੁਸਤਕਾਂ ਵੀ ਵੀਡੀਓ ਕਾਨਫਰੰਸ ਰਾਹੀਂ ਜਾਰੀ ਕੀਤੀਆਂ। ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਰਾਜਪਾਲ ਕਲਰਾਜ ਮਿਸ਼ਰਾ ਵੀ ਮੌਜੂਦ ਸਨ। -ਪੀਟੀਆਈ