ਨਵੀਂ ਦਿੱਲੀ, 17 ਜੁਲਾਈ
ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਤਕਨੀਕੀ ਨੁਕਸ ਕਾਰਨ ਆਪਣਾ ਜਹਾਜ਼ ਨੂੰ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਕਰਾਚੀ ’ਚ ਉਤਾਰ ਦਿੱਤਾ। ਹਫ਼ਤੇ ’ਚ ਭਾਰਤੀ ਕੰਪਨੀ ਦੇ ਜਹਾਜ਼ ਦੀ ਪਾਕਿਸਤਾਨ ’ਚ ਇਹ ਦੂਜੀ ਐਮਰਜੰਸੀ ਲੈਂਡਿੰਗ ਹੈ। ਇੰਡੀਗੋ ਦੇ ਜਹਾਜ਼ ਨੇ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਤੋਂ ਹੈਦਰਾਬਾਦ ਲਈ ਉਡਾਣ ਭਰੀ ਸੀ। ਸ਼ਾਰਜਾਹ-ਹੈਦਰਾਬਾਦ ਉਡਾਣ ਦੇ ਪਾਇਲਟ ਵੱਲੋਂ ਜਹਾਜ਼ ਵਿੱਚ ਤਕਨੀਕੀ ਖਰਾਬੀ ਦੇਖਣ ਤੋਂ ਬਾਅਦ ਇਹਤਿਆਤ ਵਜੋਂ ਜਹਾਜ਼ ਨੂੰ ਕਰਾਚੀ ਵੱਲ ਮੋੜ ਦਿੱਤਾ ਗਿਆ। ਇੰਡੀਗੋ ਯਾਤਰੀਆਂ ਨੂੰ ਹੈਦਰਾਬਾਦ ਲਿਆਉਣ ਲਈ ਕਰਾਚੀ ਲਈ ਦੂਜਾ ਜਹਾਜ਼ ਭੇਜਿਆ ਗਿਆ ਹੈ। ਇੰਟਰਗਲੋਬ ਏਵੀਏਸ਼ਨ ਲਿਮਟਿਡ, ਜੋ ਇੰਡੀਗੋ ਦਾ ਸੰਚਾਲਨ ਕਰਦੀ ਹੈ, ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਸਪਾਈਸਜੈੱਟ ਦੇ 5 ਜੁਲਾਈ ਨੂੰ ਨਵੀਂ ਦਿੱਲੀ ਤੋਂ ਦੁਬਈ ਜਾ ਰਹੇ ਬੋਇੰਗ 737 ਜਹਾਜ਼ ਨੇ ਵੀ ਖਰਾਬ ਹੋਣ ਕਾਰਨ ਕਰਾਚੀ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ।
ਏਅਰ ਇੰਡੀਆ ਐਕਸਪ੍ਰੈਸ ਦੀ ਕਾਲੀਕਟ-ਦੁਬਈ ਉਡਾਣ ਦੀ ਮਸਕਟ ’ਚ ਐਮਰਜੰਸੀ ਲੈਂਡਿੰਗ
ਏਅਰ ਇੰਡੀਆ ਐਕਸਪ੍ਰੈਸ ਦੀ ਕਾਲੀਕਟ-ਦੁਬਈ ਉਡਾਣ ਨੂੰ ਸ਼ਨਿਚਰਵਾਰ ਰਾਤ ਨੂੰ ਉਦੋਂ ਮਸਕਟ ਲਿਜਾਣਾ ਪੈ ਗਿਆ, ਜਦੋਂ ਕੈਬਿਨ ਵਿੱਚ ਕੁਝ ਜਲਣ ਦੀ ਬਦਬੂ ਆਈ। ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੇ ਅਗਲੇ ਹਿੱਸੇ ‘ਚ ‘ਵੈਂਟ’ ਤੋਂ ਸੜਨ ਦੀ ਬਦਬੂ ਆ ਰਹੀ ਸੀ, ਇਸ ਲਈ ਪਾਇਲਟ ਨੇ ਉਡਾਣ ਨੂੰ ਮਸਕਟ ਵੱਲ ਮੋੜ ਦਿੱਤਾ ਤੇ ਉਥੇ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ।