ਨਵੀਂ ਦਿੱਲੀ, 11 ਅਕਤੂਬਰ
ਭਾਰਤ ਅਤੇ ਚੀਨ ਵਿਚਾਲੇ ਹੋਈ 13ਵੇਂ ਗੇੜ ਦੀ ਫ਼ੌਜੀ ਗੱਲਬਾਤ ਪੂਰਬੀ ਲੱਦਾਖ ਦੇ ਪੈਂਡਿੰਗ ਮੁੱਦਿਆਂ ਦਾ ਹੱਲ ਕੱਢਣ ਵਿੱਚ ਕਿਸੇ ਨਤੀਜੇ ਉੱਤੇ ਨਹੀਂ ਪਹੁੰਚੀ। ਭਾਰਤੀ ਫ਼ੌਜ ਨੇ ਅੱਜ ਕਿਹਾ ਕਿ ਉਸ ਵੱਲੋਂ ਦਿੱਤੇ ਗਏ ਸਕਾਰਾਤਮਕ ਸੁਝਾਵਾਂ ਉੱਤੇ ਚੀਨੀ ਫ਼ੌਜ ਸਹਿਮਤ ਨਹੀਂ ਲੱਗੀ। ਭਾਰਤੀ ਫ਼ੌਜ ਨੇ ਜੋ ਬਿਆਨ ਜਾਰੀ ਕੀਤਾ, ਉਸ ਵਿਚ ਮਾਮਲੇ ਉੱਤੇ ਉਸ ਦੇ ਸਖ਼ਤ ਰੁਖ਼ ਦਾ ਸੰਕੇਤ ਮਿਲਿਆ। ਫ਼ੌਜ ਨੇ ਕਿਹਾ ਕਿ ਐਤਵਾਰ ਨੂੰ ਹੋਈ ਮੀਟਿੰਗ ਵਿਚ, ਬਾਕੀ ਦੇ ਖੇਤਰਾਂ ਵਿਚ ਮੁੱਦਿਆਂ ਦਾ ਹੱਲ ਨਹੀਂ ਨਿਕਲਿਆ ਅਤੇ ਭਾਰਤੀ ਪੱਖ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਚੀਨੀ ਪੱਖ ਤੋਂ ਇਸ ਦਿਸ਼ਾ ਵਿਚ ਕੰਮ ਕਰਨ ਦੀ ਆਸ ਰੱਖਦਾ ਹੈ। ਫ਼ੌਜ ਨੇ ਇਕ ਬਿਆਨ ਵਿਚ ਕਿਹਾ ਕਿ ਗੱਲਬਾਤ ਦੌਰਾਨ ਭਾਰਤੀ ਪੱਖ ਨੇ ਬਾਕੀ ਦੇ ਖੇਤਰਾਂ ਵਿਚ ਮੁੱਦਿਆਂ ਦੇ ਹੱਲ ਲਈ ਸਕਾਰਾਤਮਕ ਸੁਝਾਅ ਦਿੱਤੇ ਪਰ ਚੀਨੀ ਪੱਖ ਉਨ੍ਹਾਂ ਨਾਲ ਸਹਿਮਤ ਨਹੀਂ ਲੱਗਿਆ ਅਤੇ ਉਹ ਅੱੱਗੇ ਵਧਣ ਦੀ ਦਿਸ਼ਾ ਵਿਚ ਕੋਈ ਪ੍ਰਸਤਾਵ ਵੀ ਨਹੀਂ ਦੇ ਸਕਿਆ। ਅਖ਼ੀਰ ਮੀਟਿੰਗ ਵਿਚ ਬਾਕੀ ਖੇਤਰਾਂ ਦੇ ਸਬੰਧ ਵਿਚ ਕੋਈ ਹੱਲ ਨਹੀਂ ਨਿਕਲ ਸਕਿਆ। ਇਹ ਗੱਲਬਾਤ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਉੱਤੇ ਚੁਸ਼ਲੂ-ਮੋਲਦੋ ਖੇਤਰ ਵਿਚ ਚੀਨ ਵੱਲ ਹੋਈ ਤੇ ਇਹ ਗੱਲਬਾਤ ਕਰੀਬ ਅੱਠ ਘੰਟੇ ਚੱਲੀ। ਦੋਵੇਂ ਪੱਖ ਜ਼ਮੀਨੀ ਪੱਧਰ ਉੱਤੇ ਸਥਿਰਤਾ ਕਾਇਮ ਰੱਖਣ ਅਤੇ ਗੱਲਬਾਤ ਕਾਇਮ ਰੱਖਣ ਲਈ ਸਹਿਮਤ ਹੋਏ। ਫ਼ੌਜ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਚੀਨੀ ਪੱਖ ਦੁਵੱਲੇ ਸਬੰਧਾਂ ਨੂੰ ਧਿਆਨ ਵਿਚ ਰੱਖੇਗਾ ਅਤੇ ਦੁਵੱਲੇ ਸਮਝੌਤਿਆਂ ਤੇ ਨਿਸਮਾਂ ਦਾ ਪਾਲਣ ਕਰਦੇ ਹੋਏ ਪੈਂਡਿੰਗ ਮੁੱਦਿਆਂ ਦੇ ਜਲਦੀ ਹੱਲ ਲਈ ਕੰਮ ਕਰੇਗਾ। -ਪੀਟੀਆਈ