ਅਹਿਮਦਾਬਾਦ, 27 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੋਵਿਡ-19 ਸੰਕਟ ਦੌਰਾਨ ਆਲਮੀ ਸਥਿਰਤਾ ਤੇ ਖ਼ੁਸ਼ਹਾਲੀ ਲਈ ਭਾਰਤ ਤੇ ਜਾਪਾਨ ਦੀ ਭਾਈਵਾਲੀ ਕਾਫ਼ੀ ਅਹਿਮ ਤੇ ਢੁੱਕਵੀਂ ਹੈ। ਸ੍ਰੀ ਮੋਦੀ ਇਥੇ ਅਹਿਮਦਾਬਾਦ ਮੈਨੇਜਮੈਂਟ ਐਸੋਸੀਏਸ਼ਨ (ਏਐੱਮਏ) ਦੇ ਅਹਾਤੇ ਵਿੱਚ ਸਥਾਪਤ ਕੀਤੇ ਜਪਾਨੀ ਜ਼ੈੱਨ ਗਾਰਡਨ ਤੇ ਕਾਇਜ਼ੈੱਨ ਅਕੈਡਮੀ ਦੇ ਵਰਚੁਅਲ ਉਦਘਾਟਨ ਮਗਰੋਂ ਬੋਲ ਰਹੇ ਸਨ।
ਆਪਣੇ ਵਰਚੁਅਲ ਸੰਬੋਧਨ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਜ਼ੈੱਨ ਗਾਰਡਨ ਤੇ ਕਾਇਜ਼ੈੱਨ ਅਕਾਦਮੀ ਦੇ ਖੁੱਲ੍ਹਣ ਨਾਲ ਦੋਵਾਂ ਮੁਲਕਾਂ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਸ੍ਰੀ ਮੋਦੀ ਨੇ ਕਿਹਾ, ‘‘ਜਾਪਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਬੜੇ ਸਰਲ ਤੇ ਸਿੱਧੇ ਸੁਭਾਅ ਦੇ ਵਿਅਕਤੀ ਹਨ। ਪ੍ਰਧਾਨ ਮੰਤਰੀ ਸੁਗਾ ਤੇ ਮੇਰਾ ਮੰਨਣਾ ਹੈ ਕਿ ਕੋਵਿਡ-19 ਮਹਾਮਾਰੀ ਦੇ ਸੰਕਟ ਦੌਰਾਨ ਭਾਰਤ-ਜਾਪਾਨ ਦੋਸਤੀ ਤੇ ਸਾਡੀ ਭਾਈਵਾਲੀ ਆਲਮੀ ਸਥਿਰਤਾ ਤੇ ਖੁਸ਼ਹਾਲੀ ਲਈ ਹੋਰ ਵੀ ਵੱਧ ਢੁੱਕਵੀਂ ਤੇ ਅਹਿਮ ਸੀ। ਅੱਜ ਜਦੋਂ ਸਾਨੂੰ ਆਲਮੀ ਪੱਧਰ ’ਤੇ ਕਈ ਚੁਣੌਤੀਆਂ ਦਰਪੇਸ਼ ਹਨ ਤਾਂ ਇਹ ਸਮੇਂ ਦੀ ਮੰਗ ਹੈ ਕਿ ਸਾਡੀ ਦੋਸਤੀ ਤੇ ਰਿਸ਼ਤੇ ਹਰ ਲੰਘਦੇ ਦਿਨ ਨਾਲ ਹੋਰ ਮਜ਼ਬੂਤ ਹੋਣ।’’ ਉਨ੍ਹਾਂ ਕਿਹਾ ਕਿ ਕਾਇਜ਼ੈੱਨ ਅਕਾਦਮੀ ਦੀ ਸਥਾਪਤੀ ਲਈ ਕੀਤੇ ਯਤਨ ਇਸ ਰਿਸ਼ਤੇ ਦਾ ਖ਼ੂਬਸੂਰਤ ਪਰਛਾਵਾਂ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਹ ਜਦੋਂ ਵੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਨਾਲ ਗੱਲ ਕਰਦੇ ਹਨ ਤਾਂ ਉਹ ਆਪਣੀ ਗੁਜਰਾਤ ਫੇਰੀ ਨੂੰ ਜ਼ਰੂਰ ਯਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਇਜ਼ੈੱਨ ਅਕਾਦਮੀ ਦੇ ਖੁੱਲ੍ਹਣ ਨਾਲ ਭਾਰਤ ਵਿੱਚ ਜਾਪਾਨੀ ਸਭਿਆਚਾਰ ਦੇ ਪ੍ਰਚਾਰ ਪਾਸਾਰ ਵਿੱਚ ਮਦਦ ਮਿਲੇਗੀ ਤੇ ਦੋਵਾਂ ਮੁਲਕਾਂ ਦਰਮਿਆਨ ਕਾਰੋਬਾਰੀ ਮੇਲ-ਜੋਲ ਵਧੇਗਾ। -ਪੀਟੀਆਈ