ਨਵੀਂ ਦਿੱਲੀ, 23 ਮਾਰਚ
ਸਿੰਧੂ ਜਲ ਸੰਧੀ ਤਹਿਤ ਭਾਰਤ ਤੇ ਪਾਕਿਸਤਾਨ ਦੇ ਸਿੰਧੂ ਕਮਿਸ਼ਨਰਾਂ ਦੀ ਦੋ ਰੋਜ਼ਾ ਸਾਲਾਨਾ ਮੀਟਿੰਗ ਅੱਜ ਇਥੇ ਸ਼ੁਰੂ ਹੋ ਗਈ। ਮੀਟਿੰਗ ਦੌਰਾਨ ਪਾਕਿਸਤਾਨ ਨੇ ਜੰਮੂ ਤੇ ਕਸ਼ਮੀਰ ਵਿੱਚ ਪਾਕਲ ਡਲ ਤੇ ਹੇਠਲੇ ਕਲਨਈ ਪਣਬਿਜਲੀ ਪ੍ਰਾਜੈਕਟਾਂ ਦੇ ਡਿਜ਼ਾਈਨ ’ਤੇ ਇਤਰਾਜ਼ ਜਤਾਇਆ ਤੇ ਲੱਦਾਖ ’ਚ ਚੱਲ ਰਹੇ ਪਣਬਿਜਲੀ ਪ੍ਰਾਜੈਕਟਾਂ ਬਾਰੇ ਵਧੇਰੇ ਜਾਣਕਾਰੀ ਮੰਗੀ। ਉਧਰ ਭਾਰਤ ਨੇ ਆਪਣਾ ਪੱਖ ਰੱਖਦਿਆਂ ਇਨ੍ਹਾਂ ਡਿਜ਼ਾਈਨਾਂ ਨੂੰ ਨਿਆਂਸੰਗਤ ਕਰਾਰ ਦਿੱਤਾ। ਚਨਾਬ ਦਰਿਆ ’ਚੋਂ ਨਿਕਲਦੀ ਮਰੂਸੁਦਰ ਨਦੀ ’ਤੇ ਬਣਿਆ 1000 ਮੈਗਾਵਾਟ ਦੀ ਸਮਰੱਥਾ ਵਾਲਾ ਪਾਕਲ ਡਲ ਪਣਬਿਜਲੀ ਪ੍ਰਾਜੈਕਟ ਜੰਮੂ ਤੇ ਕਸ਼ਮੀਰ ਜ਼ਿਲ੍ਹੇ ਦੇ ਕਿਸ਼ਤਵਾੜ ’ਚ ਪੈਂਦਾ ਹੈ। ਹੇਠਲਾ ਕਲਨਾਈ ਪ੍ਰਾਜੈਕਟ ਕਿਸ਼ਤਵਾੜ ਤੇ ਡੋਡਾ ਜ਼ਿਲ੍ਹਿਆਂ ’ਚ ਲਾਉਣ ਦੀ ਤਜਵੀਜ਼ ਹੈ। ਸਥਾਈ ਸਿੰਧੂ ਜਲ ਕਮਿਸ਼ਨ ਦੀ ਇਹ ਸਾਲਾਨਾ ਬੈਠਕ ਦੋ ਸਾਲਾਂ ਬਾਅਦ ਕੀਤੀ ਗਈ ਹੈ। ਬੈਠਕ ਵਿਚ ਸ਼ਾਮਲ ਹੋਏ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਪੀ.ਕੇ. ਸਕਸੈਨਾ ਨੇ ਕੀਤੀ ਜਦੋਂਕਿ ਇਸ ਵਿਚ ਕੇਂਦਰੀ ਜਲ ਕਮਿਸ਼ਨ, ਕੇਂਦਰੀ ਬਿਜਲੀ ਅਥਾਰਟੀ ਅਤੇ ਰਾਸ਼ਟਰੀ ਪਣਬਿਜਲੀ ਊਰਜਾ ਨਿਗਮ ਦੇ ਸਲਾਹਕਾਰ ਵੀ ਸ਼ਾਮਲ ਹਨ। ਪਾਕਿਸਤਾਨੀ ਵਫ਼ਦ ਦੀ ਅਗਵਾਈ ਸਿੰਧੂ ਕਮਿਸ਼ਨ (ਪਾਕਿਸਤਾਨ) ਦੇ ਕਮਿਸ਼ਨਰ ਸੱਯਦ ਮੁਹੰਮਦ ਮੇਹਰ ਅਲੀ ਸ਼ਾਹ ਨੇ ਕੀਤੀ। ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਰੁਤਬਾ ਅਗਸਤ 2019 ਵਿੱਚ ਮਨਸੂਖ ਕੀਤੇ ਜਾਣ ਮਗਰੋਂ ਦੋਵਾਂ ਮੁਲਕਾਂ ਦੇ ਕਮਿਸ਼ਨਰਾਂ ਦੀ ਇਹ ਪਲੇਠੀ ਮੀਟਿੰਗ ਹੈ। ਕੇਂਦਰ ਦੀ ਮੋਦੀ ਸਰਕਾਰ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦੇਣ ਮਗਰੋਂ ਹੁਣ ਤੱਕ ਲੇਹ ਵਿੱਚ ਦੁਰਬੁਕ ਸ਼ਿਓਕ(19 ਮੈਗਾਵਾਟ), ਸ਼ੰਕੂ (18.5 ਮੈਗਾਵਾਟ), ਨਿਮੂ ਚਿਲਿੰਗ (24 ਮੈਗਾਵਾਟ), ਰੋਂਗਡੋ (12 ਮੈਗਾਵਾਟ), ਰਤਨ ਨਾਗ (10.5 ਮੈਗਾਵਾਟ) ਅਤੇ ਕਾਰਗਿਲ ਵਿੱਚ ਮਾਂਗਡੁਮ ਸੰਗਰਾ (19 ਮੈਗਾਵਾਟ), ਕਾਰਗਿਲ ਹੰਡਰਮੈਨ (25 ਮੈਗਾਵਾਟ) ਤੇ ਤਮਾਸ਼ਾ (12 ਮੈਗਾਵਾਟ) ਪਣਬਿਜਲੀ ਪ੍ਰਾਜੈਕਟਾਂ ਨੂੰ ਹਰੀ ਝੰਡੀ ਦੇ ਚੁੱਕੀ ਹੈ। ਭਾਰਤ ਇਨ੍ਹਾਂ ਪ੍ਰਾਜੈਕਟਾਂ ਸਬੰਧੀ ਪਾਕਿਸਤਾਨ ਨੂੰ ਸੂਚਿਤ ਕਰ ਚੁੱਕਾ ਹੈ ਤੇ ਦੋ ਦਿਨਾਂ ਮੀਟਿੰਗ ਦੌਰਾਨ ਇਨ੍ਹਾਂ ’ਤੇ ਵੀ ਚਰਚਾ ਹੋ ਸਕਦੀ ਹੈ।
-ਪੀਟੀਆਈ
ਅਗਲੇ ਦਿਨੀਂ ਤਾਜਿਕਸਤਾਨ ’ਚ ਮਿਲ ਸਕਦੇ ਹਨ ਕੁਰੈਸ਼ੀ ਤੇ ਜੈਸ਼ੰਕਰ
ਇਸਲਾਮਾਬਾਦ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਗਲੇ ਦਿਨੀਂ ਤਾਜੀਕਿਸਤਾਨ ਵਿੱਚ ਹੋਣ ਵਾਲੀ ‘ਹਾਰਟ ਆਫ਼ ਏਸ਼ੀਆ’ ਕਾਨਫਰੰਸ ਦੌਰਾਨ ਭਾਰਤ ਦੇ ਆਪਣੇ ਹਮਰੁਤਬਾ ਐੱਸ.ਜੈਸ਼ੰਕਰ ਨਾਲ ਮੁਲਾਕਾਤ ਕਰ ਸਕਦੇ ਹਨ। ਨਵੀਂ ਦਿੱਲੀ ਨੇ ਹਾਲਾਂਕਿ ਅਜੇ ਤੱਕ ਜੈਸ਼ੰਕਰ ਦੀ ਇਸ ਸੰਭਾਵੀ ਫੇਰੀ ਜਾਂ ਕੁਰੈਸ਼ੀ ਨਾਲ ਮੁਲਾਕਾਤ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ‘ਹਾਰਟ ਆਫ਼ ਏਸ਼ੀਆ-ਇਸਤੰਬੁਲ ਅਮਲ’ ਨਾਂ ਦੀ ਮੰਤਰੀ ਪੱਧਰ ਦੀ 9ਵੀਂ ਕਾਨਫਰੰਸ 30 ਮਾਰਚ ਨੂੰ ਤਾਜਿਕਸਤਾਨ ਦੀ ਰਾਜਧਾਨੀ ਦੁਸ਼ਾਂਬੇ ’ਚ ਹੋਣੀ ਹੈ। ਰੋਜ਼ਨਾਮਚਾ ‘ਡਾਅਨ’ ਨੇ ਆਪਣੀ ਇਕ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਕਾਨਫਰੰਸ ’ਚ ਜੈਸ਼ੰਕਰ ਤੇ ਕੁਰੈਸ਼ੀ ਦੀ ਮੌਜੂਦਗੀ ਤੇ ਦੋਵਾਂ ਮੁਲਕਾਂ ਦੇ ਰੁਖ਼ ’ਚ ਆਈ ਨਰਮੀ ਦੇ ਮੱਦੇਨਜ਼ਰ ਅਜਿਹੀਆਂ ਅਫ਼ਵਾਹਾਂ ਹਨ ਕਿ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀ ਕਾਨਫਰੰਸ ਤੋਂ ਇਕ ਪਾਸੇ ਮੀਟਿੰਗ ਕਰ ਸਕਦੇ ਹਨ।
-ਪੀਟੀਆਈ
‘ਭਾਰਤ-ਪਾਕਿ ਸਥਾਈ ਅਮਨ ਲਈ ਸੰਵਾਦ ਰਾਹੀਂ ਮਸਲੇ ਸੁਲਝਾਉਣ’
ਨਵੀਂ ਦਿੱਲੀ: ਸੀਨੀਅਰ ਪਾਕਿਸਤਾਨੀ ਸਫ਼ੀਰ ਨੇ ਅੱਜ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਖਿੱਤੇ ਵਿੱਚ ਸਥਾਈ ਅਮਨ ਤੇ ਸਥਿਰਤਾ ਲਈ ਖਾਸ ਕਰ ਕੇ ਜੰਮੂ ਤੇ ਕਸ਼ਮੀਰ ਸਮੇਤ ਹੋਰਨਾਂ ਸਾਰੇ ਦੁਵੱਲੇ ਮੁੱਦਿਆਂ ਨੂੰ ਸੰਵਾਦ ਜ਼ਰੀਏ ਹੱਲ ਕਰਨਾ ਚਾਹੀਦਾ ਹੈ। ਇਥੇ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਪਾਕਿਸਤਾਨ ਦਿਹਾੜਾ ਮਨਾਉਣ ਲਈ ਰੱਖੇ ਸਮਾਗਮ ਤੋਂ ਪਾਸੇ ਗੱਲਬਾਤ ਕਰਦਿਆਂ ਆਫ਼ਤਾਬ ਹਸਨ ਖ਼ਾਨ ਨੇ ਕਿਹਾ, ‘ਮੈਂ ਇਸ ਮੌਕੇ ਇਹ ਗੱਲ ਜ਼ੋਰ ਦੇ ਕੇ ਆਖਣਾ ਚਾਹਾਂਗਾ ਕਿ ਦੋਵਾਂ ਮੁਲਕਾਂ ਦੇ ਵਿਕਾਸ ਲਈ ਖਿੱਤੇ ’ਚ ਅਮਨ ਤੇ ਸਥਿਰਤਾ ਜ਼ਰੂਰੀ ਹੈ। ਪਾਕਿਸਤਾਨ ਆਪਣੇ ਗੁਆਂਢੀਆਂ, ਖਾਸ ਕਰਕੇ ਭਾਰਤ ਨਾਲ ਚੰਗੇ ਰਿਸ਼ਤੇ ਚਾਹੁੰਦਾ ਹੈ। ਸਥਾਈ ਅਮਨ ਤੇ ਸਥਿਰਤਾ ਲਈ ਜ਼ਰੂਰੀ ਹੈ ਕਿ ਅਸੀਂ ਜੰਮੂ ਤੇ ਕਸ਼ਮੀਰ ਸਮੇਤ ਸਾਰੇ ਦੁਵੱਲੇ ਮੁੱਦਿਆਂ ਨੂੰ ਗੱਲਬਾਤ ਜ਼ਰੀਏ ਸੁਲਝਾਈਏ।’ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਾਕਿਸਤਾਨ ਨੂੰ ਸਥਾਪਨਾ ਦਿਹਾੜੇ ਦੀ ਵਧਾਈ ਿਦੱਤੀ।
-ਪੀਟੀਆਈ