ਨਵੀਂ ਦਿੱਲੀ, 1 ਅਪਰੈਲ
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅੱਜ ਕਿਹਾ ਕਿ ਰੂਸ ਨੇ ਭਾਰਤ ਅਤੇ ਹੋਰ ਭਾਈਵਾਲਾਂ ਨਾਲ ਕੌਮੀ ਕਰੰਸੀਆਂ ’ਚ ਵਪਾਰ ਕਰਨ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ ਤਾਂ ਜੋ ਪੱਛਮ ਦੀਆਂ ਪਾਬੰਦੀਆਂ ਦੇ ਅਸਰ ਨੂੰ ਘਟਾਇਆ ਜਾ ਸਕੇ। ਉਨ੍ਹਾਂ ਦੁਵੱਲੇ ਰਣਨੀਤਕ ਸਬੰਧਾਂ ਦੀ ਰਫ਼ਤਾਰ ਜਾਰੀ ਰੱਖਣ ਦਾ ਅਹਿਦ ਵੀ ਲਿਆ। ਲਾਵਰੋਵ ਨੇ ਇਹ ਬਿਆਨ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਅੱਜ ਇਥੇ ਵੱਖ ਵੱਖ ਮੁੱਦਿਆਂ ’ਤੇ ਹੋਈ ਗੱਲਬਾਤ ਮਗਰੋਂ ਦਿੱਤਾ। ਮੀਟਿੰਗ ਦੌਰਾਨ ਰੂਸ-ਯੂਕਰੇਨ ਜੰਗ ਅਤੇ ਉਸ ਦੇ ਮਾਸਕੋ ਤੇ ਨਵੀਂ ਦਿੱਲੀ ਵਿਚਕਾਰ ਰਿਸ਼ਤਿਆਂ ’ਤੇ ਪੈਣ ਵਾਲੇ ਅਸਰ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਗੱਲਬਾਤ ਉਸ ਸਮੇਂ ਹੋਈ ਹੈ ਜਦੋਂ ਇਕ ਦਿਨ ਪਹਿਲਾਂ ਅਮਰੀਕਾ ਨੇ ਰੂਸ ਖ਼ਿਲਾਫ਼ ਲਾਈਆਂ ਗਈਆਂ ਪਾਬੰਦੀਆਂ ਨੂੰ ਅਣਗੌਲਿਆ ਕਰਨ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਸੀ। ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਦੋਂ ਲਾਵਰੋਵ ਤੋਂ ਪੁੱਛਿਆ ਗਿਆ ਕਿ ਕੀ ਭਾਰਤ, ਰੂਸ ਅਤੇ ਯੂਕਰੇਨ ਵਿਚਕਾਰ ਜੰਗ ਖ਼ਤਮ ਕਰਾਉਣ ’ਚ ਸਹਾਇਤਾ ਕਰ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਜੇਕਰ ਭਾਰਤ ਕੌਮਾਂਤਰੀ ਸਮੱਸਿਆਵਾਂ ਪ੍ਰਤੀ ਆਪਣੀ ‘ਢੁੱਕਵੀਂ ਅਤੇ ਤਰਕਸੰਗਤ ਪਹੁੰਚ’ ਨਾਲ ਹਮਾਇਤ ਕਰਨਾ ਚਾਹੁੰਦਾ ਹੈ ਤਾਂ ਕੋਈ ਵੀ ਇਸ ਖ਼ਿਲਾਫ਼ ਨਹੀਂ ਹੋਵੇਗਾ। ਉਂਜ ਉਨ੍ਹਾਂ ਨਾਲ ਹੀ ਕਿਹਾ ਕਿ ਭਾਰਤ ਤੋਂ ਇਸ ਬਾਰੇ ਅਜੇ ਕੋਈ ਵੀ ਪੇਸ਼ਕਸ਼ ਨਹੀਂ ਮਿਲੀ ਹੈ। ਗੱਲਬਾਤ ਦੌਰਾਨ ਰੂਬਲ-ਰੁਪਏ ’ਚ ਭੁਗਤਾਨ ਪ੍ਰਣਾਲੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਲਾਵਰੋਵ ਨੇ ਕਿਹਾ ਕਿ ਅਜਿਹਾ ਪ੍ਰਬੰਧ ਬਹੁਤ ਸਾਲ ਪਹਿਲਾਂ ਭਾਰਤ ਅਤੇ ਚੀਨ ਵਰਗੇ ਮੁਲਕਾਂ ਨਾਲ ਵਪਾਰ ਲਈ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਪੱਛਮੀ ਭੁਗਤਾਨ ਪ੍ਰਣਾਲੀ ਨੂੰ ਉਲੰਘਣ ਦੀਆਂ ਕੋਸ਼ਿਸ਼ਾਂ ਹੋਰ ਤੇਜ਼ ਕੀਤੀਆਂ ਜਾਣਗੀਆਂ। ‘ਅਸੀਂ ਅਜਿਹੀ ਕਿਸੇ ਪ੍ਰਣਾਲੀ ’ਤੇ ਨਿਰਭਰ ਨਹੀਂ ਰਹਿਣਾ ਚਾਹੁੰਦੇ ਜੋ ਕਿਸੇ ਸਮੇਂ ਵੀ ਬੰਦ ਹੋ ਜਾਣ ਅਤੇ ਜਿਸ ਦੇ ਮਾਲਕ ਰਾਤੋ-ਰਾਤ ਤੁਹਾਡਾ ਪੈਸਾ ਚੋਰੀ ਕਰ ਸਕਦੇ ਹੋਣ।’
ਲਾਵਰੋਵ ਨੇ ਕਿਹਾ ਕਿ ਭਾਰਤ ਦੇ ਵਪਾਰ ਅਤੇ ਵਿੱਤ ਮੰਤਰਾਲਿਆਂ ਨਾਲ ਰੂਸ ਦੇ ਬਹੁਤ ਚੰਗੇ ਸਬੰਧ ਹਨ ਅਤੇ ਇਸ ’ਚ ਕੋਈ ਸ਼ੱਕ ਨਹੀਂ ਕਿ ਪੱਛਮ ਵੱਲੋਂ ਲਾਈਆਂ ਗਈਆਂ ਗ਼ੈਰਕਾਨੂੰਨੀ ਅਤੇ ਇਕਪਾਸੜ ਪਾਬੰਦੀਆਂ ਤੋਂ ਖਹਿੜਾ ਛੁਡਾਉਣ ਦਾ ਕੋਈ ਨਾ ਕੋਈ ਰਾਹ ਮਿਲ ਜਾਵੇਗਾ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਭਾਰਤ ਨੇ ਰੂਸ ਤੋਂ ਕੱਚਾ ਤੇਲ ਖ਼ਰੀਦੇ ਜਾਣ ਦੀ ਇੱਛਾ ਵੀ ਜਤਾਈ ਹੈ ਤਾਂ ਲਾਵਰੋਵ ਨੇ ਕਿਹਾ,‘‘ਅਸੀਂ ਭਾਰਤ ਨੂੰ ਹਰ ਵਸਤੂ ਦੀ ਸਪਲਾਈ ਕਰਨ ਲਈ ਤਿਆਰ ਹਾਂ, ਜੋ ਭਾਰਤ ਖ਼ਰੀਦਣਾ ਚਾਹੁੰਦਾ ਹੈ।’’ ਰੂਸੀ ਵਿਦੇਸ਼ ਮੰਤਰੀ ਨੇ ਜੰਗ ਬਾਰੇ ਭਾਰਤ ਦੀ ਸਥਿਤੀ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜ਼ਿਆਦਾਤਰ ਮੁਲਕ ਸਮਝਦੇ ਹਨ ਕਿ ਕੀ ਕੁਝ ਚੱਲ ਰਿਹਾ ਹੈ ਅਤੇ ਸੰਕਟ ਦੀ ਅਸਲ ਜੜ੍ਹ ਕੌਣ ਹੈ। ‘ਪੱਛਮ ਦੇ ਸਾਥੀਆਂ ਨੇ ਆਪਣਾ ਚਿਹਰਾ ਨੰਗਾ ਕਰ ਦਿੱਤਾ ਹੈ ਅਤੇ ਮੈਨੂੰ ਇਸ ’ਚ ਹਲਕਾ ਜਿਹਾ ਵੀ ਸ਼ੱਕ ਨਹੀਂ ਕਿ ਜ਼ਿਆਦਾਤਰ ਮੁਲਕ ਜਾਣਦੇ ਹਨ ਕਿ ਕੀ ਕੁਝ ਚੱਲ ਰਿਹਾ ਹੈ।’ ਲਾਵਰੋਵ ਨੇ ਕਿਹਾ ਕਿ ਰੂਸ ਖ਼ਿੱਤੇ ਦੇ ਮੁਲਕਾਂ ਨਾਲ ਸਬੰਧ ਮਜ਼ਬੂਤ ਕਰਨ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਦਾ ਹੈ। -ਪੀਟੀਆਈ
ਲਾਵਰੋਵ ਨੇ ਮੋਦੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਮੀਟਿੰਗ ਦੌਰਾਨ ਯੂਕਰੇਨ ’ਚ ਹਿੰਸਾ ਫੌਰੀ ਖ਼ਤਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਰਤ ਸੰਘਰਸ਼ ਨੂੰ ਸੁਲਝਾਉਣ ਲਈ ਸ਼ਾਂਤੀ ਦੀਆਂ ਕੋਸ਼ਿਸ਼ਾਂ ’ਚ ਯੋਗਦਾਨ ਪਾਉਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਰੂਸੀ ਵਿਦੇਸ਼ ਮੰਤਰੀ ਨੇ ਸ੍ਰੀ ਮੋਦੀ ਨੂੰ ਮਾਸਕੋ ਵੱਲੋਂ ਕੀਵ ਨਾਲ ਜਾਰੀ ਸ਼ਾਂਤੀ ਵਾਰਤਾ ਸਮੇਤ ਯੂਕਰੇਨ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਗੱਲਬਾਤ ਤੋਂ ਬਾਅਦ ਲਾਵਰੋਵ ਨੇ ਸ੍ਰੀ ਮੋਦੀ ਨਾਲ ਮੁਲਾਕਾਤ ਕੀਤੀ। ਬਿਆਨ ਮੁਤਾਬਕ ਰੂਸੀ ਵਿਦੇਸ਼ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਪਿਛਲੇ ਸਾਲ ਦਸੰਬਰ ’ਚ ਭਾਰਤ-ਰੂਸ ਦੁਵੱਲੇ ਸਿਖਰ ਸੰਮੇਲਨ ਦੌਰਾਨ ਲਏ ਗਏ ਫ਼ੈਸਲਿਆਂ ਦੀ ਪ੍ਰਗਤੀ ਬਾਰੇ ਵੀ ਜਾਣਕਾਰੀ ਦਿੱਤੀ। -ਪੀਟੀਆਈ
ਗੱਲਬਾਤ ਅਤੇ ਕੂਟਨੀਤੀ ਰਾਹੀਂ ਮੱਤਭੇਦ ਸੁਲਝਾਏ ਜਾਣ: ਜੈਸ਼ੰਕਰ
ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਉੱਚ ਪੱਧਰੀ ਵਾਰਤਾ ਦੌਰਾਨ ਰੂਸ-ਯੂਕਰੇਨ ਜੰਗ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਗੱਲਬਾਤ ਅਤੇ ਕੂਟਨੀਤੀ ਰਾਹੀਂ ਮੱਤਭੇਦ ਤੇ ਵਿਵਾਦ ਸੁਲਝਾਉਣ ਦੇ ਪੱਖ ’ਚ ਹੈ। ਉਨ੍ਹਾਂ ਕਿਹਾ,‘‘ਸਾਡੀ ਅੱਜ ਦੀ ਮੀਟਿੰਗ ਮਹਾਮਾਰੀ ਤੋਂ ਇਲਾਵਾ ਮੁਸ਼ਕਲ ਕੌਮਾਂਤਰੀ ਮਾਹੌਲ ’ਚ ਹੋਈ ਹੈ। ਅਸੀਂ ਸਮਕਾਲੀ ਮੁੱਦਿਆਂ ਅਤੇ ਹੋਰ ਚਿੰਤਾਵਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਹੈ।’’ -ਪੀਟੀਆਈ