ਇੰਦੌਰ, 17 ਫਰਵਰੀ
ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ‘ਚ ਪੁਲੀਸ ਨੇ 75 ਸਾਲਾ ਔਰਤ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਉਸ ਦੇ ਪੋਤੇ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਨੇ 500 ਗਰਾਮ ਵਜ਼ਨ ਦੀਆਂ ਚਾਂਦੀ ਦੇ ਕੜਿਆਂ ਲਈ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਅਤੇ ਉਸ ਦੇ ਦੋਵੇਂ ਪੈਰ ਵੱਢ ਕੇ ਕੜੇ ਲੈ ਲਏ। ਪੁਲੀਸ ਨੇ ਦੱਸਿਆ ਕਿ ਇੰਦੌਰ ਤੋਂ ਕਰੀਬ 35 ਕਿਲੋਮੀਟਰ ਦੂਰ ਪਿੰਡ ਛੋਟੀ ਖੁਡੈਲ ਵਿੱਚ ਰਾਜੇਸ਼ ਬਾਗੜੀ (24) ਨੇ ਰਿਸ਼ਤੇਦਾਰ ਦੇ ਬੇਟੇ ਦੇ ਵਿਆਹ ਵਿੱਚ ਆਰਥਿਕ ਮਦਦ ਲਈ ਆਪਣੀ ਦਾਦੀ ਜਮੁਨਾ (75) ਤੋਂ ਚਾਂਦੀ ਦੇ ਕੜੇ ਮੰਗੇ, ਜੋ ਉਸ ਨੇ ਆਪਣੇ ਦੋਵਾਂ ਪੈਰਾਂ ਵਿੱਚ ਪਾਏ ਹੋਏ ਸਨ। ਜਮੁਨਾ ਨੇ ਜਦੋਂ ਇਹ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਪੋਤੇ ਨੇ ਆਪਣੇ ਦੋਸਤ ਵਿਜੇ ਢੋਲੀ (19) ਨਾਲ ਮਿਲ ਕੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਸਾਜ਼ਿਸ਼ ਤਹਿਤ 11 ਫਰਵਰੀ ਨੂੰ ਬਜ਼ੁਰਗ ਔਰਤ ਦੇ ਖਾਣੇ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਦਿੱਤਾ ਗਿਆ ਸੀ।ਖਾਣਾ ਖਾਣ ਤੋਂ ਬਾਅਦ ਜਿਵੇਂ ਹੀ ਜਮੁਨਾ ਬੇਹੋਸ਼ ਹੋ ਗਈ ਤਾਂ ਮੁਲਜ਼ਮ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਕੁਹਾੜੀ ਨਾਲ ਉਸ ਦੇ ਦੋਵੇਂ ਪੈਰ ਵੱਢ ਦਿੱਤੇ ਤੇ ਚਾਂਦੀ ਦੇ ਕੜੇ ਕੱਢ ਲਏ। ਵੱਢੇ ਪੈਰ ਗੋਬਰ ਗੈਸ ਪਲਾਂਟ ਵਿੱਚ ਸੁੱਟ ਦਿੱਤੇ।