ਨਵੀਂ ਦਿੱਲੀ: ਧੀ ਸ਼ੀਨਾ ਬੋਰਾ ਦੇ ਕਤਲ ਦੀ ਮੁੱਖ ਮੁਲਜ਼ਮ ਇੰਦਰਾਨੀ ਮੁਖਰਜੀ ਨੂੰ ਸੁਪਰੀਮ ਕੋਰਟ ਨੇ ਅੱਜ ਜ਼ਮਾਨਤ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇੰਦਰਾਨੀ ਸਾਢੇ ਛੇ ਸਾਲ ਤੋਂ ਜੇਲ੍ਹ ’ਚ ਬੰਦ ਹੈ ਅਤੇ ਮੁਕੱਦਮੇ ਦਾ ਫ਼ੈਸਲਾ ਛੇਤੀ ਹੋਣ ਦੀ ਸੰਭਾਵਨਾ ਨਹੀਂ ਹੈ। ਜਸਟਿਸ ਐੱਲ ਨਾਗੇਸ਼ਵਰ ਰਾਓ ਦੀ ਅਗਵਾਈ ਹੇਠਲੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਕਿ ਇੰਦਰਾਨੀ ਮੁਖਰਜੀ 2015 ਤੋਂ ਜੇਲ੍ਹ ’ਚ ਹੈ ਅਤੇ ਮੁਕੱਦਮੇ ਦੇ ਛੇਤੀ ਮੁਕੰਮਲ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ 237 ਗਵਾਹਾਂ ’ਚੋਂ ਅਜੇ ਸਿਰਫ਼ 68 ਦੀ ਪੁੱਛ-ਪੜਤਾਲ ਕੀਤੀ ਗਈ ਹੈ। ਬੈਂਚ ਨੇ ਕਿਹਾ,‘‘ਪਟੀਸ਼ਨਰ ’ਤੇ ਧੀ ਨੂੰ ਕਤਲ ਦੇ ਇਰਾਦੇ ਨਾਲ ਅਗਵਾ ਕਰਨ ਦਾ ਦੋਸ਼ ਹੈ। ਪਟੀਸ਼ਨਰ ਪੀਟਰ ਮੁਖਰਜੀ ਦੀ ਧੀ ਹੈ ਜੋ ਕੇਸ ’ਚ ਸਹਿ-ਮੁਲਜ਼ਮ ਹੈ। ਪਟੀਸ਼ਨਰ ਖ਼ਿਲਾਫ਼ ਦੋਸ਼ ਲਾਏ ਗਏ ਹਨ ਕਿ ਉਸ ਨੇ ਧੀ ਦੇ ਰਾਹੁਲ ਮੁਖਰਜੀ ਨਾਲ ‘ਲਿਵ ਇਨ’ ਰਿਸ਼ਤੇ ਕਾਰਨ ਉਸ ਦੀ ਹੱਤਿਆ ਦੀ ਸਾਜ਼ਿਸ਼ ਘੜੀ ਸੀ। ਰਾਹੁਲ ਮੁਖਰਜੀ, ਪੀਟਰ ਮੁਖਰਜੀ ਦਾ ਪੁੱਤਰ ਹੈ ਜੋ ਉਸ ਦੀ ਪਹਿਲੀ ਪਤਨੀ ਤੋਂ ਹੈ। ਅਰਜ਼ੀਕਾਰ ਨੂੰ ਹੇਠਲੀ ਅਦਾਲਤ ਦੀ ਸੰਤੁਸ਼ਟੀ ਤਹਿਤ ਅਤੇ ਉਸੇ ਸ਼ਰਤਾਂ ’ਤੇ ਜ਼ਮਾਨਤ ’ਤੇ ਰਿਹਾਅ ਕਰਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ ਜੋ ਪਹਿਲਾਂ (ਪੀਟਰ ਮੁਖਰਜੀ) ਲਗਾਈਆਂ ਗਈਆਂ ਸਨ।’’ ਸੀਬੀਆਈ ਦੀ ਵਿਸ਼ੇਸ਼ ਅਦਾਲਤ ਇੰਦਰਾਨੀ ਮੁਖਰਜੀ ਵੱਲੋਂ ਦਾਖ਼ਲ ਕਈ ਜ਼ਮਾਨਤ ਅਰਜ਼ੀਆਂ ਨੂੰ ਪਹਿਲਾਂ ਰੱਦ ਕਰ ਚੁੱਕੀ ਹੈ। ਸੀਬੀਆਈ ਵੱਲੋਂ ਪੇਸ਼ ਹੋਏ ਵਧੀਕ ਸੌਲਿਸਟਰ ਜਨਰਲ ਐੱਸ ਵੀ ਰਾਜੂ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ 50 ਫ਼ੀਸਦੀ ਗਵਾਹਾਂ ਨੂੰ ਛੱਡ ਦਿੱਤਾ ਗਿਆ ਹੈ ਅਤੇ ਮੁਕੱਦਮਾ ਛੇਤੀ ਖ਼ਤਮ ਹੋਣ ਵਾਲਾ ਹੈ। ਉਨ੍ਹਾਂ ਸਿਖਰਲੀ ਅਦਾਲਤ ਨੂੰ ਦੱਸਿਆ ਕਿ ਅਹਿਮ ਗਵਾਹਾਂ ’ਚ ਸ਼ਾਮਲ ਸ਼ੀਨਾ ਬੋਰਾ ਦੇ ਕਥਿਤ ਪ੍ਰੇਮੀ ਰਾਹੁਲ ਮੁਖਰਜੀ ਤੋਂ 27 ਮਈ ਨੂੰ ਪੁੱਛ-ਪੜਤਾਲ ਕੀਤੀ ਜਾਣੀ ਹੈ। -ਪੀਟੀਆਈ