ਮੁੰਬਈ: ਬੰਬੇ ਹਾਈ ਕੋਰਟ ਨੇ ਸ਼ੀਨਾ ਬੋਰਾ ਹੱਤਿਆ ਕਾਂਤ ਦੀ ਮੁਲਜ਼ਮ ਤੇ ਸਾਬਕਾ ਮੀਡੀਆ ਕਾਰਜਕਾਰੀ ਇੰਦਰਾਨੀ ਮੁਖਰਜੀ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇਣ ਦੇ ਵਿਸ਼ੇਸ਼ ਅਦਾਲਤ ਦੇ ਹੁਕਮ ਨੂੰ ਅੱਜ ਖਾਰਜ ਕਰ ਦਿੱਤਾ ਹੈ। ਜਸਟਿਸ ਸ਼ਯਾਮ ਚਾਂਡਕ ਦੇ ਸਿੰਗਲ ਬੈਂਚ ਨੇ ਵਿਸ਼ੇਸ਼ ਅਦਾਲਤ ਦੇ ਹੁਕਮ ਖ਼ਿਲਾਫ਼ ਦਾਇਰ ਕੇਂਦਰੀ ਜਾਂਚ ਬਿਊਰੋ ਦੀ ਪਟੀਸ਼ਨ ਨੂੰ ਇਸ ਆਧਾਰ ’ਤੇ ਸਵੀਕਾਰ ਕਰ ਲਿਆ ਕਿ ਇੰਦਰਾਨੀ ਮੁਖਰਜੀ ਖ਼ਿਲਾਫ਼ ਗੰਭੀਰ ਅਪਰਾਧ ਤਹਿਤ ਮੁਕੱਦਮਾ ਜਾਰੀ ਹੈ ਅਤੇ ਮੁਖਰਜੀ ਦੇ ਦੇਸ਼ ਤੋਂ ਫਰਾਰ ਹੋਣ ਦੀ ਸੰਭਾਵਨਾ ਹੈ। ਅਦਾਲਤ ਨੇ ਕਿਹਾ, ‘ਪਟੀਸ਼ਨ ਨੂੰ ਸਵੀਕਾਰ ਕੀਤਾ ਜਾਂਦਾ ਹੈ। ਹੁਕਮ ਨੂੰ ਰੱਦ ਕੀਤਾ ਜਾਂਦਾ ਹੈ।’ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 19 ਜੁਲਾਈ ਨੂੰ ਜ਼ਮਾਨਤ ’ਤੇ ਰਿਹਾਅ ਇੰਦਰਾਨੀ ਮੁਖਰਜੀ ਨੂੰ ਅਗਲੇ ਤਿੰਨ ਮਹੀਨਿਆਂ ਦੌਰਾਨ 10 ਦਿਨ ਲਈ ਯੂਰਪ (ਸਪੇਨ ਅਤੇ ਬਰਤਾਨੀਆ) ਦੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਸੀ। ਮੁਖਰਜੀ ਨੇ ਕਿਹਾ ਸੀ ਕਿ ਸਾਬਕਾ ਮੀਡੀਆ ਦਿੱਗਜ ਪੀਟਰ ਮੁਖਰਜੀ ਤੋਂ ਤਲਾਕ ਮਗਰੋਂ ਬੈਂਕ ਨਾਲ ਸਬੰਧਿਤ ਕੁੱਝ ਦਸਤਾਵੇਜ਼ਾਂ ’ਚ ਬਦਲਾਅ ਕਰਨ ਲਈ ਉਸ ਦਾ ਵਿਦੇਸ਼ ਜਾਣਾ ਜ਼ਰੂਰੀ ਹੈ। -ਪੀਟੀਆਈ