ਜੰਮੂ, 31 ਦਸੰਬਰ
ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਅੱਜ ਕਿਹਾ ਕਿ ਸਾਲ 2020 ਵਿੱਚ ਸੂਬੇ ’ਚ ਅਤਿਵਾਦੀ, ਘੁਸਪੈਠ ਤੇ ਆਮ ਲੋਕਾਂ ਦੀਆਂ ਹੱਤਿਆਵਾਂ ਵਿੱਚ ਦੀਆਂ ਘਟਨਾਵਾਂ ’ਚ ਨਿਘਾਰ ਆਇਆ ਹੈ। ਸੁਰੱਖਿਆ ਬਲਾਂ ਵੱਲੋਂ 100 ਤੋਂ ਵੱਧ ਸਫ਼ਲ ਮੁਕਾਬਲੇ ਕੀਤੇ ਗਏ ਜਿਨ੍ਹਾਂ ਵਿੱਚ 225 ਅਤਿਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ।
ਜੰਮੂ ਕਸ਼ਮੀਰ ਪੁਲੀਸ ਦੀ ਸਾਲਾਨਾ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਕਿਹਾ, ‘‘ਇਸ ਸਾਲ ਅਸੀਂ ਜੰਮੂ ਕਸ਼ਮੀਰ ’ਚ 100 ਤੋਂ ਵੱਧ ਸਫ਼ਲ ਆਪ੍ਰੇਸ਼ਨ ਕੀਤੇ ਜਿਨ੍ਹਾਂ ਵਿੱਚੋਂ 90 ਕਸ਼ਮੀਰ ਤੇ 13 ਜੰਮੂ ’ਚ ਕੀਤੇ। ਇਸ ਦੌਰਾਨ ਕਰੀਬ 225 ਅਤਿਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਨ੍ਹਾਂ ਵਿੱਚੋਂ 207 ਕਸ਼ਮੀਰ ਤੇ 18 ਜੰਮੂ ਡਿਵੀਜ਼ਨ ’ਚ ਮਾਰੇ ਗਏ। ਮਾਰੇ ਗਏ ਅਤਿਵਾਦੀਆਂ ’ਚੋਂ 47 ਅਤਿਵਾਦੀ ਵੱਖ-ਵੱਖ ਅਤਿਵਾਦੀ ਜਥੇਬੰਦੀਆਂ ਦੇ ਚੋਟੀ ਦੇ ਕਮਾਂਡਰ ਸਨ। ਅੱਜ ਸਾਰੀਆਂ ਅਤਿਵਾਦੀ ਜਥੇਬੰਦੀਆਂ ਦੇ ਚੋਟੀ ਦੇ ਕਮਾਂਡਰ ਖ਼ਤਮ ਹੋ ਗਏ ਹਨ।’’
ਡੀਜੀਪੀ ਨੇ ਕਿਹਾ ਕਿ ਇਸ ਸਾਲ ਅਤਿਵਾਦੀਆਂ ਨਾਲ ਲੋਹਾ ਲੈਂਦੇ ਹੋਏ ਜੰਮੂ ਕਸ਼ਮੀਰ ਪੁਲੀਸ ਦੇ 16 ਮੁਲਾਜ਼ਮ ਸ਼ਹੀਦ ਹੋਏ ਜਿਨ੍ਹਾਂ ’ਚੋਂ 15 ਕਸ਼ਮੀਰ ਤੇ ਇਕ ਜੰਮੂ ’ਚ ਸ਼ਹੀਦ ਹੋਇਆ। ਇਸ ਤੋਂ ਇਲਾਵਾ ਸੁਰੱਖਿਆ ਬਲਾਂ ਦੇ ਕੁੱਲ 44 ਜਵਾਨ ਸ਼ਹੀਦ ਹੋਏ ਜਿਨ੍ਹਾਂ ’ਚੋਂ 42 ਕਸ਼ਮੀਰ ਤੇ ਦੋ ਜੰਮੂ ’ਚ ਸ਼ਹੀਦ ਹੋਏ। ਇਸ ਸਾਲ ਵਿਚ ਅਤਿਵਾਦੀ ਜਥੇਬੰਦੀਆਂ ਦੇ 635 ਸਰਗਰਮ ਮੈਂਬਰ ਗ੍ਰਿਫ਼ਤਾਰ ਕੀਤੇ ਗਏ ਜਿਨ੍ਹਾਂ ’ਚੋਂ 56 ਨੂੰ ਜਨਤਕ ਸੁਰੱਖਿਆ ਐਕਟ ਤਹਿਤ ਨਾਮਜ਼ਦ ਕੀਤਾ ਗਿਆ। ਲੰਘੇ ਸਾਲ 426 ਹਥਿਆਰ, 9000 ਤੋਂ ਵੱਧ ਗੋਲੀਆਂ ਤੇ ਮੈਗਜ਼ੀਨ ਤੇ ਵੱਡੀ ਮਾਤਰਾ ’ਚ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ। ਪੁਲੀਸ ਮੁਖੀ ਨੇ ਕਿਹਾ ਕਿ ਇਸ ਸਾਲ 38 ਆਮ ਲੋਕ ਅਤਿਵਾਦੀਆਂ ਹੱਥੋਂ ਮਾਰੇ ਗਏ ਜਦੋਂਕਿ ਉਸ ਤੋਂ ਪਿਛਲੇ ਸਾਲ ਇਹ ਗਿਣਤੀ 44 ਸੀ। ਇਸ ਤੋਂ ਇਲਾਵਾ ਘੁਸਪੈਠ ਦੀਆਂ ਘਟਨਾਵਾਂ ’ਚ ਵੀ ਵੱਡੀ ਪੱਧਰ ’ਤੇ ਨਿਘਾਰ ਆਇਆ ਹੈ। -ਪੀਟੀਆਈ
ਅਤਿਵਾਦੀਆਂ ਵੱਲੋਂ ਸੀਆਰਪੀਐੱਫ ਦੀ ਕੰਪਨੀ ’ਤੇ ਹਮਲਾ
ਜੰਮੂ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਵਿੱਚ ਸੰਗਮ ’ਚ ਅਤਿਵਾਦੀਆਂ ਨੇ ਸੀਆਰਪੀਐੱਫ ਦੀ 89 ਬਟਾਲੀਅਨ ਦੀ ਸੀ ਕੰਪਨੀ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿੱਚ ਹਰਦਿਆਲ ਯਾਦਵ ਨਾਂ ਦਾ ਇਕ ਸਬ ਇੰਸਪੈਕਟਰ ਜ਼ਖ਼ਮੀ ਹੋ ਗਿਆ। ਸੁਰੱਖਿਆ ਬਲਾਂ ਨੇ ਸਾਰੇ ਖੇਤਰ ਦੀ ਘੇਰਾਬੰਦੀ ਕਰ ਕੇ ਅਤਿਵਾਦੀਆਂ ਦੀ ਭਾਲ ’ਚ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ। -ਪੀਟੀਆਈ
ਸ੍ਰੀਨਗਰ ’ਚ ਅਤਿਵਾਦੀਆਂ ਵੱਲੋਂ ਸੁਨਿਆਰੇ ਦੀ ਗੋਲੀ ਮਾਰ ਕੇ ਹੱਤਿਆ
ਸ੍ਰੀਨਗਰ: ਇੱਥੇ ਅੱਜ ਇਕ ਭੀੜਭਾੜ ਵਾਲੀ ਮਾਰਕੀਟ ਵਿੱਚ ਅਤਿਵਾਦੀਆਂ ਨੇ ਗੋਲੀ ਮਾਰ ਕੇ ਇਕ ਸੁਨਿਆਰੇ ਦੀ ਹੱਤਿਆ ਕਰ ਦਿੱਤੀ। ਪੁਲੀਸ ਅਨੁਸਾਰ ਸੁਨਿਆਰੇ ਸਤਪਾਲ ਸਿੰਘ ਜਿਸ ਦੀ ਉਮਰ ਕਰੀਬ 62 ਕੁ ਸਾਲ ਸੀ, ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਫਿਲਹਾਲ ਇਹ ਪਤਾ ਨਹੀਂ ਲੱਗਿਆ ਹੈ ਕਿ ਅਤਿਵਾਦੀਆਂ ਨੇ ਉਸ ਨੂੰ ਨਿਸ਼ਾਨਾ ਕਿਉਂ ਬਣਾਇਆ। -ਪੀਟੀਆਈ