ਪੁਣਛ/ਜੰਮੂ: ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਕੰਟਰੋਲ ਰੇਖਾ ’ਤੇ ਘੁਸਪੈਠ ਦੀ ਕੋਸ਼ਿਸ਼ ਨਾ ਨਾਕਾਮ ਕਰਦਿਆਂ ਦੋ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ। ਰੱਖਿਆ ਬੁਲਾਰੇ ਨੇ ਦੱਸਿਆ ਕਿ ਇੱਕ ਦਹਿਸ਼ਤਗਰਦ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦਕਿ ਗੋਲੀ ਲੱਗਣ ਮਗਰੋਂ ਦੂਜੇ ਦੀ ਲਾਸ਼ ਪੁਣਛ ਨਦੀ ’ਚ ਵਹਿ ਗਈ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਹਥਿਆਰ ਤੇ ਅਸਲਾ ਵੀ ਬਰਾਮਦ ਹੋਇਆ ਹੈ। ਬੁਲਾਰੇ ਨੇ ਦੱਸਿਆ ਕਿ ਕੰਟਰੋਲ ਰੇਖਾ ’ਤੇ ਭਾਰਤ ਵਾਲੇ ਪਾਸੇ ਪੁਣਛ ਨਦੀ ਕੋਲ ਸ਼ੱਕੀ ਗਤੀਵਿਧੀ ਦੇਖੇ ਜਾਣ ਸਬੰਧੀ ਮਿਲੀ ਸੂਚਨਾ ਮਗਰੋਂ ਇਹ ਅਪਰੇਸ਼ਨ ਚਲਾਇਆ ਗਿਆ ਸੀ। ਉਧਰ ਸੁਰੱਖਿਆ ਬਲਾਂ ਨੂੰ ਅੱਜ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਜੰਗਲਾਂ ਵਿੱਚੋਂ ਦੋ ਬਾਰੂਦੀ ਸੁਰੰਗਾਂ ਮਿਲੀਆਂ ਹਨ। -ਪੀਟੀਆਈ