ਨਵੀਂ ਦਿੱਲੀ: ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਕਰਕੇ ਮਾਰਚ ਮਹੀਨੇ ਪ੍ਰਚੂਨ ਮਹਿੰਗਾਈ 6.95 ਫੀਸਦ ਹੋ ਗਈ ਹੈ, ਜੋ ਪਿਛਲੇ 17 ਮਹੀਨਿਆਂ ਵਿੱਚ ਸਿਖਰਲਾ ਪੱਧਰ ਹੈ। ਸਰਕਾਰ ਵੱਲੋਂ ਜਾਰੀ ਡੇਟਾ ਮੁਤਾਬਕ ਇਹ ਅੰਕੜਾ ਭਾਰਤ ਰਿਜ਼ਰਵ ਬੈਂਕ ਦੇ ਉਪਰਲੀ ਬਰਦਾਸ਼ਤ ਹੱਦ ਤੋਂ ਵੱਧ ਹੈ। ਅੰਕੜਿਆਂ ਦੀ ਮੰਨੀਏ ਤਾਂ ਲਗਾਤਾਰ ਤੀਜੇ ਮਹੀਨੇ ਖਪਤਕਾਰ ਕੀਮਤ ਸੂਚਕ ਅੰਕ (ਸੀਪੀਆਈ) ਆਧਾਰਿਤ ਮਹਿੰਗਾਈ ਦਰ 6 ਫੀਸਦ ਦੇ ਨਿਸ਼ਾਨ ’ਤੇ ਉੱਤੇ ਰਹੀ ਹੈ। ਇਸ ਤੋਂ ਪਹਿਲਾਂ ਅਕਤੂਬਰ 2020 ਵਿੱਚ 7.61 ਫੀਸਦ ਨਾਲ ਸਿਖਰਲਾ ਪੱਧਰ ਦਰਜ ਕੀਤਾ ਗਿਆ ਸੀ। ਮਾਰਚ 2022 ਵਿੱਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 7.68 ਫੀਸਦ ਤੱਕ ਚੜ੍ਹੀ ਸੀ, ਜਦੋਂਕਿ ਫਰਵਰੀ ਵਿੱਚ ਇਹ ਅੰਕੜਾ 5.85 ਫੀਸਦ ਸੀ। ਮਾਰਚ 2021 ਵਿੱਚ ਪ੍ਰਚੂਨ ਮਹਿੰਗਾਈ 5.52 ਫੀਸਦ ਤੇ ਖੁਰਾਕੀ ਮਹਿੰਗਾਈ 4.87 ਫੀਸਦ ਸੀ। ਪ੍ਰਚੂਨ ਮਹਿੰਗਾਈ ਬਾਰੇ ਆਰਬੀਆਈ ਦੀ ਬਰਦਾਸ਼ਤ ਹੱਦ 4 ਫੀਸਦ ਹੈ, ਜਿਸ ਵਿੱਚ 2 ਫੀਸਦ ਹੇਠ-ਉੱਤੇ ਦੀ ਗੁੰਜਾਇਸ਼ ਹੈ। ਤਿਮਾਹੀ ਆਧਾਰ ’ਤੇ ਜਨਵਰੀ-ਮਾਰਚ ਵਿਚ ਪ੍ਰਚੂਨ ਮਹਿੰਗਾਈ 6.34 ਫੀਸਦ ਸੀ। ਕੌਮੀ ਅੰਕੜਾ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮਾਰਚ ਮਹੀਨੇ ਖਾਣ ਵਾਲੇ ਤੇਲ ਦੀਆਂ ਕੀਮਤਾਂ 18.79 ਫੀਸਦ ਤੱਕ ਵਧ ਗਈਆਂ। ਫਰਵਰੀ ਦੇ ਮੁਕਾਬਲਤਨ ਸਬਜ਼ੀਆਂ 11.64 ਫੀਸਦ ਤੇ ‘ਮੀਟ-ਮੱਛੀ’ 9.63 ਫੀਸਦ ਮਹਿੰਗੀਆਂ ਹੋਈਆਂ। -ਪੀਟੀਆਈ