ਮੁੱਖ ਅੰਸ਼
- ਟੀਐਮਸੀ ਸੁਪਰੀਮੋ ਤੇ ਮੁੱਖ ਮੰਤਰੀ ਨੇ ਵੀਲ੍ਹਚੇਅਰ ’ਤੇ ਮੁੜ ਚੋਣ ਪ੍ਰਚਾਰ ਆਰੰਭਿਆ
- ਕਿਸਾਨਾਂ ਨੂੰ ਬੰਗਾਲ ਦਾ ਮਾਣ ਕਰਾਰ ਦਿੱਤਾ
ਕੋਲਕਾਤਾ, 14 ਮਾਰਚ
ਟੀਐਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਵੀਲ੍ਹਚੇਅਰ ’ਤੇ ਮੁੜ ਤੋਂ ਚੋਣ ਪ੍ਰਚਾਰ ਆਰੰਭ ਦਿੱਤਾ ਹੈ। ਜ਼ਿਕਰਯੋਗ ਹੈ ਕਿ ਚਾਰ ਦਿਨ ਪਹਿਲਾਂ ਉਹ ਨੰਦੀਗ੍ਰਾਮ ਵਿਚ ਫੱਟੜ ਹੋ ਗਈ ਸੀ ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਮਮਤਾ ਦੇ ਨਾਲ ਇਸ ਦੌਰਾਨ ਤ੍ਰਿਣਮੂਲ ਆਗੂ ਮੌਜੂਦ ਸਨ ਤੇ ਸੁਰੱਖਿਆ ਗਾਰਡ ਵੀਲ੍ਹਚੇਅਰ ਨੂੰ ਧੱਕ ਰਹੇ ਸਨ। ਬੈਨਰਜੀ ਨੇ ਪੰਜ ਕਿਲੋਮੀਟਰ ਦਾ ਰੋਡ ਸ਼ੋਅ ਵੀ ਕੱਢਿਆ ਤੇ ਲੋਕਾਂ ਵੱਲ ਹੱਥ ਹਿਲਾ ਕੇ ਸਵਾਗਤ ਕਬੂਲਿਆ। ਅੱਜ ਨੰਦੀਗ੍ਰਾਮ ਵਿਚ ਮਮਤਾ ਨੇ ਕਿਹਾ ਕਿ ਜ਼ਖ਼ਮੀ ਸ਼ੇਰਨੀ ਜ਼ਿਆਦਾ ਖ਼ਤਰਨਾਕ ਹੁੰਦੀ ਹੈ। ਮੁੱਖ ਮੰਤਰੀ ਨੇ ਟਵੀਟ ਕੀਤਾ ‘ਅਸੀਂ ਖੁੱਲ੍ਹ ਕੇ ਲੜਦੇ ਰਹਾਂਗੇ! ਮੇਰੇ ਹਾਲੇ ਵੀ ਕਾਫ਼ੀ ਦਰਦ ਹੋ ਰਿਹਾ ਹੈ, ਪਰ ਮੈਂ ਲੋਕਾਂ ਦਾ ਦਰਦ ਵੱਧ ਮਹਿਸੂਸ ਕਰਦੀ ਹਾਂ। ਆਪਣੀ ਪੂਜਣਯੋਗ ਭੂਮੀ ਦੀ ਰਾਖੀ ਦੌਰਾਨ ਅਸੀਂ ਪਹਿਲਾਂ ਹੀ ਬਹੁਤ ਸਹਿਣ ਕੀਤਾ ਹੈ ਤੇ ਹੋਰ ਵੀ ਕਰਾਂਗੇ, ਪਰ ਕਾਇਰ ਬਣ ਕੇ ਝੁਕਾਂਗੇ ਨਹੀਂ!’ ਦੱਸਣਯੋਗ ਹੈ ਕਿ ਟੀਐਮਸੀ 2007 ਵਿਚ ਭੂਮੀ ਗ੍ਰਹਿਣ ਕਰਨ ਵਿਰੁੱਧ ਕੀਤੇ ਗਏ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ 14 ਜਣਿਆਂ ਦੀ ਯਾਦ ਵਿਚ ‘ਨੰਦੀਗ੍ਰਾਮ ਦਿਵਸ’ ਮਨਾ ਰਹੀ ਹੈ। ਮਮਤਾ ਬੈਨਰਜੀ ਨੇ ਇਸ ਮੌਕੇ ਜਾਨ ਗੁਆਉਣ ਵਾਲੇ ਮੁਜ਼ਾਹਰਾਕਾਰੀਆਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਤੇ ਕਿਹਾ ਕਿ ਇਨ੍ਹਾਂ ‘ਸ਼ਹੀਦਾਂ ਤੇ ਸਤਿਕਾਰ ਖਾਤਰ ਉਨ੍ਹਾਂ ਨੰਦੀਗ੍ਰਾਮ ਹਲਕੇ ਤੋਂ ਚੋਣ ਲੜਨ ਦੀ ਚੁਣੌਤੀ ਕਬੂਲੀ ਹੈ।’ ਮਮਤਾ ਨੇ ਇਸ ਮੌਕੇ ਕਿਹਾ ਕਿ ਕਿਸਾਨ ਬੰਗਾਲ ਦਾ ਮਾਣ ਹਨ ਤੇ ਸਰਕਾਰ ਉਨ੍ਹਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰ ਰਹੀ ਹੈ। ਬੈਨਰਜੀ ਨੇ ਕਿਹਾ ਕਿ ਉਸ ਨੂੰ ਚੋਣ ਪ੍ਰਚਾਰ ਤੋਂ ਰੋਕਣ ਦੇ ਸਾਰੇ ਯਤਨ ਨਾਕਾਮ ਹੋ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪੂਰੇ ਰਾਜ ਵਿਚ ਪਾਰਟੀ ਉਮੀਦਵਾਰਾਂ ਲਈ ਵੀਲ੍ਹਚੇਅਰ ਉਤੇ ਪ੍ਰਚਾਰ ਕਰੇਗੀ। ਬੈਨਰਜੀ ਦੇ ਚੋਣ ਪ੍ਰਚਾਰ ਦੌਰਾਨ ਟੀਐਮਸੀ ਸਮਰਥਕਾਂ ਨੇ ‘ਬੰਗਾਲ ਦੀ ਧੀ’ ਦੇ ਨਾਅਰੇ ਮਾਰੇ। ਉਨ੍ਹਾਂ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਿਧਾਨ ਸਭਾ ਚੋਣਾਂ ਵਿਚ ‘ਬਾਹਰਲਿਆਂ ਨੂੰ ਹਰਾਉਣ’ ਦੇ ਨਾਅਰੇ ਵੀ ਮਾਰੇ। -ਪੀਟੀਆਈ
ਟੀਐਮਸੀ ਚੋਣ ਕਮਿਸ਼ਨ ਨਾਲ ਅਸਹਿਮਤ, ਉੱਚ ਪੱਧਰੀ ਜਾਂਚ ਮੰਗੀ
ਤ੍ਰਿਣਮੂਲ ਕਾਂਗਰਸ ਨੇ ਚੋਣ ਕਮਿਸ਼ਨ ਦੇ ਉਸ ਬਿਆਨ ਨਾਲ ਅਸਹਿਮਤੀ ਪ੍ਰਗਟ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ‘ਮਮਤਾ ਬੈਨਰਜੀ ਉਤੇ ਕਿਸੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਹਮਲਾ ਨਹੀਂ ਕੀਤਾ ਗਿਆ।’ ਪਾਰਟੀ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਟੀਐਮਸੀ ਨੇ ਕਿਹਾ ਕਿ ਚੋਣ ਨਿਗਰਾਨਾਂ ਦੀ ਜਾਂਚ ਵਿਚ ਭਰੋਸੇਯੋਗਤਾ ਦੀ ਘਾਟ ਹੈ। ਪਾਰਟੀ ਬੁਲਾਰੇ ਸੌਗਾਤਾ ਰੌਏ ਨੇ ਚੋਣ ਕਮਿਸ਼ਨ ਵੱਲੋਂ ਇਹ ਮੰਨਣ ਕਿ ਸੁਰੱਖਿਆ ਵਿਚ ਕੁਝ ਖਾਮੀਆਂ ਸਨ, ਉਤੇ ਤਸੱਲੀ ਪ੍ਰਗਟ ਕੀਤੀ ਹੈ। -ਪੀਟੀਆਈ