ਬੰਗਲੂਰੂ, 29 ਸਤੰਬਰ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਭਾਰਤ ਨੂੰ 2047 ਤੱਕ ਵਿਕਸਤ ਮੁਲਕ ਬਣਾਉਣ ’ਚ ਕਾਢਾਂ ਦੀ ਭੂਮਿਕਾ ਅਹਿਮ ਹੋਵੇਗੀ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਜਿਹੋ ਜਿਹੀ ਰਫ਼ਤਾਰ ਦੇਖਣ ਨੂੰ ਮਿਲੀ ਹੈ ਅਤੇ ਜੇਕਰ ਸਾਰੇ ਦੇਸ਼ਵਾਸੀ ਸਾਂਝੀਆਂ ਕੋਸ਼ਿਸ਼ਾਂ ਕਰਦੇ ਹਨ ਤਾਂ ਭਾਰਤ ਨੂੰ 2047 ਤੱਕ ਵਿਕਸਤ ਅਰਥਚਾਰਾ ਬਣਾਉਣਾ ਮੁਸ਼ਕਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮੈਡੀਕਲ ਸੇਵਾਵਾਂ, ਸਿੱਖਿਆ ਅਤੇ ਸਾਫ਼ਟਵੇਅਰ ’ਚ ਡਿਜੀਟਲਾਈਜ਼ੇਸ਼ਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕਰਨਾਟਕ ਚੈਂਬਰ ਆਫ਼ ਕਾਮਰਸ ਅਤੇ ਇੰਡਸਟਰੀ ਫੈਡਰੇਸ਼ਨ ਦੀ 105ਵੀਂ ਸਾਲਾਨਾ ਆਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਕੁਝ ਵਰਗਾਂ ਤੋਂ ਵਧੇਰੇ ਸਹਾਇਤਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵੱਡੀ ਆਬਾਦੀ ਹੋਣ ਦੇ ਬਾਵਜੂਦ ਤਕਨਾਲੋਜੀ ਰਾਹੀਂ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਤੱਕ ਪਹੁੰਚ ਦੇ ਸਾਰੇ ਕਦਮ ਹੁਣ ਪੂਰੀ ਦੁਨੀਆ ਦੇਖ ਰਹੀ ਹੈ ਜਿਸ ਨਾਲ ਭਾਰਤੀ ਲੋਕਾਂ ਦੇ ਭਰੋਸੇ ਦਾ ਪੱਧਰ ਵੀ ਦਿਖਾਈ ਦੇ ਰਿਹਾ ਹੈ। -ਪੀਟੀਆਈ
ਆਲਮੀ ਇਨੋਵੇਸ਼ਨ ਇੰਡੈਕਸ ’ਚ ਭਾਰਤ ਦਾ 40ਵਾਂ ਸਥਾਨ
ਨਵੀਂ ਦਿੱਲੀ: ਭਾਰਤ ਆਲਮੀ ਇਨੋਵੇਸ਼ਨ ਇੰਡੈਕਸ 2022 ’ਚ ਛੇ ਸਥਾਨਾਂ ਦੀ ਛਾਲ ਲਗਾ ਕੇ 40ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਜਨੇਵਾ ਆਧਾਰਿਤ ਵਿਸ਼ਵ ਇੰਟੈਲਕੁਚਅਲ ਪ੍ਰਾਪਰਟੀ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਮੁਤਾਬਕ ਭਾਰਤ ਦੀ ਇਨੋਵੇਸ਼ਨ ਕਾਰਗੁਜ਼ਾਰੀ ਅੱਪਰ ਮਿਡਲ ਇਨਕਮ ਗਰੁੱਪ ’ਚ ਔਸਤ ਤੋਂ ਉਪਰ ਰਹੀ। ਤੁਰਕੀ 37ਵੇਂ ਸਥਾਨ ’ਤੇ ਰਿਹਾ ਹੈ ਜਦਕਿ ਸਵਿਟਜ਼ਰਲੈਂਡ ਨੇ ਸਿਖਰਲਾ ਸਥਾਨ ਹਾਸਲ ਕੀਤਾ ਹੈ। ਚੀਨ ਨੂੰ 11ਵਾਂ ਸਥਾਨ ਮਿਲਿਆ ਹੈ। -ਪੀਟੀਆਈ