ਨਵੀਂ ਦਿੱਲੀ, 2 ਸਤੰਬਰ
ਕਾਂਗਰਸ ਨੇ ਭਾਰਤ ਦੇ ਪਹਿਲੇ ਸਵਦੇਸ਼ੀ ਜਹਾਜ਼ ‘ਆਈਐੱਨਐੱਸ ਵਿਕਰਾਂਤ’ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਦਾ ਸਿਹਰਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਿਆ ਅਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੇ ਯੋਗਦਾਨ ਨੂੰ ਬਣਦਾ ਸਥਾਨ ਨਾ ਦੇ ਕੇ ਪਖੰਡ ਕੀਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸਾਬਕਾ ਰੱਖਿਆ ਮੰਤਰੀ ਏਕੇ ਐਂਟਨੀ ਦਾ ਅਗਸਤ 2013 ਵਿੱਚ ਆਈਐੱਨਐੱਸ ਵਿਕਰਾਂਤ ਦਾ ਉਦਘਾਟਨ ਕਰਨ ਦਾ ਵੀਡੀਓ ਸਾਂਝਾ ਕੀਤਾ ਅਤੇ ਕਿਹਾ ਕਿਉਂਕਿ ਮੋਦੀ ਸਰਕਾਰ ਸੱਤਾ ਵਿੱਚ ਹੈ, ਇਸ ਲਈ ਉਹ ਇਸ ਏਅਰਕ੍ਰਾਫਟ ਕੈਰੀਅਰ ਨੂੰ ਦੇਸ਼ ਨੂੰ ਸਮਰਪਿਤ ਕਰ ਰਹੀ ਹੈ। ਰਮੇਸ਼ ਨੇ ਦੱਸਿਆ, ‘ਮੋਦੀ ਸਰਕਾਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਗੱਲ ਸਿਰਫ ਐਨੀ ਹੈ ਕਿ ਜਦੋਂ ਇਸ ਨੂੰ ਬੇੜੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਉਦੋਂ ਮੋਦੀ ਸੱਤਾ ਵਿੱਚ ਹਨ। ਸੱਚਾਈ ਇਹ ਹੈ ਕਿ ਕਈ ਸਾਲ ਪਹਿਲਾਂ ਆਈਐੱਨਐੱਸ ਵਿਕਰਾਂਤ ਨੂੰ ਏਕੇ ਐਂਟਨੀ ਨੇ ਰੱਖਿਆ ਮੰਤਰੀ ਹੁੰਦਿਆਂ ਲਾਂਚ ਕੀਤਾ ਸੀ। ਡਿਜ਼ਾਇਨ ਤੋਂ ਲੈ ਕੇ ਨਿਰਮਾਣ ਅਤੇ ਲਾਂਚ ਤੱਕ ਰਾਸ਼ਟਰ ਨੂੰ ਸਮਰਪਿਤ ਕਰਨ ਵਿੱਚ 22 ਸਾਲ ਲੱਗੇ ਹਨ। ਮੋਦੀ ਸਰਕਾਰ ਨੇ ਹੁਣ ਸਿਰਫ਼ ਇਸ ਇਸ ਨੂੰ ਬੇੜੇ ਵਿੱਚ ਸ਼ਾਮਲ ਕੀਤਾ ਹੈ ਅਤੇ ਉਹ ਇਸ ਦਾ ਸਿਹਰਾ ਲੈ ਰਹੀ ਹੈ।’