ਨਵੀਂ ਦਿੱਲੀ, 16 ਅਗਸਤ
ਜਲੌਰ ਦੇ ਇੱਕ ਨਿੱਜੀ ਸਕੂਲ ਵਿੱਚ ਨੌਂ ਸਾਲਾ ਦਲਿਤ ਵਿਦਿਆਰਥੀ ਨੂੰ ਪਾਣੀ ਪੀਣ ਵਾਲਾ ਭਾਂਡਾ ਛੂਹਣ ਕਰਕੇ ਅਧਿਆਪਕ ਵੱਲੋਂ ਕੁੱਟਣ ਮਗਰੋਂ ਹੋਈ ਮੌਤ ਦੇ ਮਾਮਲੇ ਵਿੱਚ ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਐੱਨਸੀਪੀਸੀਆਰ ਨੇ ਰਾਜਸਥਾਨ ਸਰਕਾਰ ਨੂੰ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਹੈ। ਐੱਨਸੀਪੀਸੀਆਰ ਨੇ ਜ਼ਿਲ੍ਹਾ ਅਧਿਕਾਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਮਾਮਲਾ ਗੰਭੀਰ ਹੈ। ਉਨ੍ਹਾਂ ਇਸ ਸਬੰਧੀ ਦਰਜ ਕੀਤੀ ਗਈ ਐੱਫਆਈਆਰ ਦੀ ਕਾਪੀ, ਪ੍ਰਸ਼ਾਸਨ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਅਤੇ ਪੁਲੀਸ ਵੱਲੋਂ ਚੁੱਕੇ ਗਏ ਕਦਮਾਂ ਦੀ ਰਿਪੋਰਟ ਸੱਤ ਦਿਨਾਂ ਦੇ ਅੰਦਰ ਕਮਿਸ਼ਨ ਨੂੰ ਸੌਂਪਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਜਲੌਰ ਦੇ ਇੱਕ ਨਿੱਜੀ ਸਕੂਲ ਦੇ ਅਧਿਆਪਕ ਨੇ 20 ਜੁਲਾਈ ਨੂੰ ਨੌਂ ਸਾਲਾ ਦਲਿਤ ਵਿਦਿਆਰਥੀ ਇੰਦਰਾ ਮੇਘਵਾਲ ਦੀ ਕੁੱਟਮਾਰ ਕੀਤੀ ਅਤੇ 13 ਅਗਸਤ ਨੂੰ ਉਹ ਅਹਿਮਦਾਬਾਦ ਦੇ ਹਸਪਤਾਲ ਵਿੱਚ ਦਮ ਤੋੜ ਗਿਆ ਸੀ।
ਪੁਲੀਸ ਨੇ ਮੁਲਜ਼ਮ ਅਧਿਆਪਕ ਛੈਲ ਸਿੰਘ (40) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਦੇ ਸਿੱਖਿਆ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲੌਰ ਦੇ ਐੱਸਪੀ ਹਰਸ਼ਵਰਧਨ ਅਗਰਵਾਲ ਨੇ ਕਿਹਾ ਕਿ ਕੁੱਟਮਾਰ ਦਾ ਕਾਰਨ ਘੜੇ ਨੂੰ ਛੂਹਣਾ ਦੱਸਿਆ ਜਾ ਰਿਹਾ ਹੈ ਪਰ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ। ਇਸ ਦੌਰਾਨ ਬਾਰਨ ਦੇ 12 ਕਾਂਗਰਸੀ ਕੌਂਸਲਰਾਂ ਨੇ ਰੋਸ ਵਜੋਂ ਆਪਣੇ ਅਸਤੀਫੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਭੇਜ ਦਿੱਤੇ ਹਨ। ਉਧਰ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਿਹਾ ਕਿ ਮਹਿਜ਼ ਗੱਲਬਾਤ ਕਰਨ ਦੀ ਥਾਂ ਕਾਰਵਾਈ ਕਰਨ ਦੀ ਲੋੜ ਹੈ। -ਪੀਟੀਆਈ
ਜਾਂਚ ਮਗਰੋਂ ਹੀ ਤੱਥ ਸਾਹਮਣੇ ਆਉਣਗੇ: ਭਾਜਪਾ
ਜੈਪੁਰ: ਜਲੌਰ ’ਚ ਹੋਈ ਦਲਿਤ ਵਿਦਿਆਰਥੀ ਦੀ ਮੌਤ ਦੇ ਮਾਮਲੇ ’ਚ ਭਾਜਪਾ ਵਿਧਾਇਕ ਜੋਗੇਸ਼ਵਰ ਗਰਗ ਨੇ ਕਿਹਾ ਹੈ ਕਿ ਤੱਥ ਤਾਂ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਣਗੇ ਪਰ ਅਜਿਹਾ ਨਹੀਂ ਲੱਗਦਾ ਕਿ ਵਿਦਿਆਰਥੀ ਨੂੰ ਸਿਰਫ ਪਾਣੀ ਦਾ ਘੜਾ ਛੂਹਨ ਕਾਰਨ ਹੀ ਕੁੱਟਿਆ ਗਿਆ ਸੀ। ਗਰਗ ਨੇ ਕਿਹਾ, ‘‘ਮੁਲਜ਼ਮ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਕੀ ਮੇਘਵਾਲ ਹੋਣ ਅਤੇ ਘੜੇ ਨੂੰ ਛੂਹਣ ਕਰਕੇ ਹੀ ਉਸ ਦੀ ਕੁੱਟਮਾਰ ਕੀਤੀ ਗਈ ਸੀ, ਇਹ ਜਾਂਚ ਵਿੱਚ ਸਪੱਸ਼ਟ ਹੋ ਜਾਵੇਗਾ।’’ -ਪੀਟੀਆਈ