ਨਵੀਂ ਦਿੱਲੀ:
ਕੇਂਦਰ ਸਰਕਾਰ ਨੇ ਅੱਜ ਪ੍ਰਾਈਵੇਟ ਨਿਊਜ਼ ਚੈਨਲਾਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਉਨ੍ਹਾਂ ਨੂੰ ਕੁਦਰਤੀ ਆਫ਼ਤਾਂ ਤੇ ਪ੍ਰਮੁੱਖ ਹਾਦਸਿਆਂ ਬਾਰੇ ਰਿਪੋਰਟਿੰਗ ਕਰਨ ਮੌਕੇ ਇਨ੍ਹਾਂ ਨਾਲ ਸਬੰਧਤ ਵੀਡੀਓ ਫੁਟੇਜ ’ਤੇ ਤਰੀਕ ਤੇ ਸਮਾਂ ਪਾਉਣ ਲਈ ਕਿਹਾ ਹੈ। ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਜਾਰੀ ਸੇਧ ਵਿਚ ਕਿਹਾ ਗਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਟੈਲੀਵਿਜ਼ਨ ਚੈਨਲ ਕੁਦਰਤੀ ਆਫ਼ਤਾਂ, ਪ੍ਰਮੁੱਖ ਹਾਦਸਿਆਂ ਬਾਰੇ ਲਗਾਤਾਰ ਕਵਰੇਜ ਮੁਹੱਈਆ ਕਰਵਾਉਂਦੇ ਹਨ, ਪਰ ਕਈ ਵਾਰ ਹਾਦਸੇ ਵਾਲੇ ਦਿਨ ਦੀ ਵੀਡੀਓ ਫੁਟੇਜ ਨੂੰ (ਕਈ ਦਿਨਾਂ ਤੱਕ) ਲਗਾਤਾਰ ਦਿਖਾਇਆ ਜਾਂਦਾ ਹੈ। ਮੰਤਰਾਲੇ ਨੇ ਦਲੀਲ ਦਿੱਤੀ ਕਿ ਟੀਵੀ ਚੈਨਲਾਂ ਵੱਲੋਂ ਹਾਦਸੇ ਜਾਂ ਕੁਦਰਤੀ ਆਫ਼ਤ ਮਗਰੋਂ ਕਈ ਕਈ ਦਿਨਾਂ ਤੱਕ ਦਿਖਾਈ ਜਾਂਦੀ ਫੁਟੇਜ ਅਸਲ ਜ਼ਮੀਨੀ ਹਾਲਾਤ ਨੂੰ ਨਹੀਂ ਦਰਸਾਉਂਦੀ ਹੈ। -ਪੀਟੀਆਈ