ਨਵੀਂ ਦਿੱਲੀ, 10 ਅਪਰੈਲ
ਚੋਣ ਕਮਿਸ਼ਨ ਨੇ ਅੱਜ ਨਿਰਦੇਸ਼ ਦਿੱਤਾ ਹੋਰਡਿੰਗਜ਼ ਸਮੇਤ ਚੋਣਾਂ ਨਾਲ ਸਬੰਧਤ ਛਪੀ ਸਮੱਗਰੀ ’ਤੇ ਪ੍ਰਿੰਟਰ ਤੇ ਪ੍ਰਕਾਸ਼ਕ ਦੀ ਪਛਾਣ ਦਾ ਜ਼ਿਕਰ ਹੋਵੇ ਤਾਂ ਜੋ ਚੋਣ ਮੁਹਿੰਮ ’ਚ ਜਵਾਬਦੇਹੀ ਅਤੇ ਪਾਰਦਰਸ਼ਤਾ ਯਕੀਨੀ ਬਣਾਈ ਜਾ ਸਕੇ। ਚੋਣ ਕਮਿਸ਼ਨ ਨੇ ਦੱਸਿਆ ਕਿ ਇਹ ਫ਼ੈਸਲਾ ਉਨ੍ਹਾਂ ਸ਼ਿਕਾਇਤਾਂ ਮਗਰੋਂ ਲਿਆ ਗਿਆ ਹੈ ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਮਿਉਂਸਿਪਲ ਅਥਾਰਿਟੀਆਂ ਦੇ ਕੰਟਰੋਲ ਹੇਠਲੀਆਂ ਹੋਰਡਿੰਗ ਲਾਉਣ ਵਾਲੀਆਂ ਥਾਵਾਂ ’ਤੇ ਬਿਨਾਂ ਪ੍ਰਕਾਸ਼ਕ ਤੇ ਪ੍ਰਿੰਟਰ ਦੀ ਪਛਾਣ ਵਾਲੇ ਹੋਰਡਿੰਗਜ਼ ਲੱਗੇ ਹੋਏ ਹਨ। ਆਮ ਆਦਮੀ ਪਾਰਟੀ ਨੇ ਹਾਲ ਹੀ ਵਿੱਚ ਇਸ ਮੁੱਦੇ ਨੂੰ ਲੈ ਕੇ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ ਸੀ। ਚੋਣ ਕਮਿਸ਼ਨ ਅਨੁਸਾਰ ਪੈਂਫਲਟ, ਪੋਸਟਰ, ਤਖ਼ਤੀ ਜਾਂ ਬੈਨਰ ਦਾ ਪ੍ਰਕਾਸ਼ਨ ਪ੍ਰਿੰਟਰ ਤੇ ਪ੍ਰਕਾਸ਼ਕ ਦੇ ਨਾਂ ਤੇ ਪਤੇ ਬਿਨਾਂ ਨਹੀਂ ਕੀਤਾ ਜਾ ਸਕਦਾ। -ਪੀਟੀਆਈ